ਤੱਥ ਤੋਂ ਤੱਤ ਦਾ ਸਫ਼ਰ
ਪਰਮਜੀਤ ਢੀਂਗਰਾ
ਪੰਜਾਬੀ ਕਵਿਤਾ ਵਿੱਚ ਵੱਖਰੀਆਂ ਪੈੜਾਂ ਪਾਉਣ ਵਾਲਾ ਮੋਹਨਜੀਤ ਨਿਵੇਕਲਾ ਸ਼ਾਇਰ ਹੈ। ਉਹਦੇ ਕੋਲ ਸੁਹਜਮਈ ਕਾਵਿ ਭਾਸ਼ਾ ਦਾ ਵੱਡਾ ਭੰਡਾਰ ਹੈ। ਉਹਦੀ ਕਵਿਤਾ ਵਿਚਲੀ ਜੀਵੰਤਤਾ ਸਦੀਵੀ ਪ੍ਰਭਾਵ ਵਾਲੀ ਹੈ। ਉਹਨੇ ਪਹਿਲੀ ਵਾਰੀ ਕਵਿਤਾ ਵਿੱਚ ਵਿਅਕਤੀ ਚਿੱਤਰ ਲਿਖਣ ਦੀ ਪੈੜ ਪਾਈ। ਵਾਰਤਕ ਵਿੱਚ ਲਿਖੇ ਜਾਂਦੇ ਰੇਖਾ ਚਿੱਤਰਾਂ ਦੇ ਮੁਕਾਬਲੇ ਇਸ ਵਿੱਚ ਉਹਨੇ ਲੇਖਕਾਂ ਦੇ ਸੁਭਾਅ, ਸ਼ਖ਼ਸੀਅਤ, ਦ੍ਰਿਸ਼ਟੀ ਤੇ ਆਦਤਾਂ ਨੂੰ ਨਿਵੇਕਲੀ ਬਿੰਬਾਵਲੀ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਹੈ। ਬੇਹੱਦ ਭਾਸ਼ਾਈ ਸੰਜਮ ਰਾਹੀਂ ਉਹ ਅਜਿਹੀ ਨੱਕਾਸ਼ੀ ਕਰਦਾ ਹੈ ਕਿ ਲੇਖਕ ਬਾਰੇ ਨਿਵੇਕਲੇ ਤੇ ਅਣਛੋਹੇ ਪੱਖ ਅੱਖਾਂ ਸਾਹਮਣੇ ਸਾਕਾਰ ਹੋ ਜਾਂਦੇ ਹਨ।
ਉਹਦੇ ਵਿਅਕਤੀ-ਚਿੱਤਰਾਂ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰਦਿਆਂ ਸੁਤਿੰਦਰ ਸਿੰਘ ਨੂਰ ਦਾ ਕਥਨ ਬੜਾ ਮਹੱਤਵਪੂਰਨ ਹੈ: ਮੋਹਨਜੀਤ ਕਾਵਿ ਵਿਅਕਤੀ-ਚਿੱਤਰ ਦੀ ਜਿਸ ਵਿਧਾ ਨੂੰ ਬਣਾਉਂਦਾ ਹੈ, ਉਹ ਉਨ੍ਹਾਂ ਵਿਅਕਤੀਆਂ ਦੇ ਇਤਿਹਾਸਕ ਤੱਥਾਂ ਵੱਲ ਰੁਚਿਤ ਨਹੀਂ। ਵਾਰਤਕ ਵਿੱਚ ਲਿਖੇ ਵਿਅਕਤੀ-ਚਿੱਤਰ ਨਾਲੋਂ ਉਹ ਇਸ ਵਿਧਾ ਨੂੰ ਬਿਲਕੁਲ ਨਿਖੇੜ ਲੈਂਦਾ ਹੈ, ਉਹ ਉਸ ਵਿਅਕਤੀ ਬਾਰੇ ਬਣੇ ਪ੍ਰਭਾਵਾਂ ਬਾਰੇ ਕਾਵਿ-ਯੋਗਤਾ ਨਾਲ ਚਿਹਨਾਂ ਦੀ ਤਲਾਸ਼ ਕਰਦਾ ਹੈ। ਇੱਥੇ ਸ਼ਬਦ ਪ੍ਰਭਾਵ ਬਹੁਤ ਮਹੱਤਵ-ਯੋਗ ਹੈ।’’
ਹਥਲੀ ਪੁਸਤਕ ‘ਵਗਦੀਆਂ ’ਵਾਵਾਂ ਵਹਿੰਦੇ ਦਰਿਆ’ (ਕੀਮਤ: 600 ਰੁਪਏ; ਨਵਯੁੱਗ ਪਬਲਿਸ਼ਰਜ਼) ਵਿੱਚ ਇਸ ਤਰ੍ਹਾਂ ਦੇ ਕੋਈ 68 ਦੇ ਲਗਪਗ ਵਿਅਕਤੀ ਚਿੱਤਰ ਸ਼ਾਮਲ ਹਨ। ਪ੍ਰਮੁੱਖ ਵਿੱਚ ਸੁੰਦਰਾਂ, ਰਜਿੰਦਰ ਸਿੰਘ ਬੇਦੀ, ਬੇਗ਼ਮ ਅਖ਼ਤਰ, ਕ੍ਰਿਸ਼ਨਾ ਸੋਬਤੀ, ਅੰਮ੍ਰਿਤਾ ਸ਼ੇਰਗਿੱਲ, ਪੂਰਨ ਸਿੰਘ, ਨਾਨਕ ਸਿੰਘ, ਦੇਵਿੰਦਰ ਸਤਿਆਰਥੀ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਖੁਸ਼ਵੰਤ ਸਿੰਘ, ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ, ਬਾਵਾ ਬਲਵੰਤ, ਹਰਿਭਜਨ ਸਿੰਘ, ਕਰਤਾਰ ਸਿੰਘ ਦੁੱਗਲ, ਦਲੀਪ ਕੌਰ ਟਿਵਾਣਾ, ਅਜੀਤ ਕੌਰ, ਪ੍ਰੇਮ ਪ੍ਰਕਾਸ਼, ਐਮ.ਐੱਸ. ਰੰਧਾਵਾ, ਬਲਰਾਜ ਸਾਹਨੀ, ਗੁਰਸ਼ਰਨ ਸਿੰਘ, ਜਗਤਾਰ, ਹਰਨਾਮ, ਸ.ਸ. ਮੀਸ਼ਾ, ਸ਼ਿਵ ਕੁਮਾਰ ਬਟਾਲਵੀ, ਸੁਤਿੰਦਰ ਸਿੰਘ ਨੂਰ, ਸੁਰਜੀਤ ਪਾਤਰ, ਅਮਰਜੀਤ ਚੰਦਨ, ਇਮਰੋਜ਼, ਜਸਬੀਰ ਭੁੱਲਰ, ਸੁਜਾਨ ਸਿੰਘ ਆਦਿ ਕਿੰਨੇ ਹੀ ਸਮਕਾਲੀ ਕਵੀ, ਲੇਖਕ ਇਸ ਵਿੱਚ ਸ਼ਾਮਲ ਹਨ।
ਇਸ ਤੋਂ ਇਲਾਵਾ ਅੰਤਿਕਾਵਾਂ ਵਿੱਚ ਡਾ. ਹਰਿਭਜਨ ਸਿੰਘ ਭਾਟੀਆ, ਡਾ. ਪਾਲ ਕੌਰ, ਤਰਲੋਕ ਸਿੰਘ ਕੰਵਰ ਤੇ ਸੁਤਿੰਦਰ ਸਿੰਘ ਨੂਰ ਦੇ ਇਨ੍ਹਾਂ ਬਾਰੇ ਆਲੋਚਨਾਤਮਕ ਲੇਖ ਸ਼ਾਮਲ ਹਨ। ਅੰਤ ’ਤੇ ਲੇਖਕ ਦਾ ਜੀਵਨ ਬਿਓਰਾ ਦਿੱਤਾ ਹੈ। ਇਨ੍ਹਾਂ ਵਿਅਕਤੀ ਚਿੱਤਰਾਂ ਦੀ ਸਿਰਜਣ ਪ੍ਰਕਿਰਿਆ ਤੇ ਮਕਸਦ ਬਾਰੇ ਲੇਖਕ ‘ਤੁਹਾਨੂੰ ਮੁਖ਼ਾਤਬਿ ਹਾਂ’ ਵਿੱਚ ਲਿਖਦਾ ਹੈ: ‘‘ਵਿਅਕਤੀ-ਚਿੱਤਰ ਲਿਖਣ ਦੀ ਸਮੁੱਚੀ ਪ੍ਰਕਿਰਿਆ ਦੱਸਣਾ ਤਾਂ ਮੁਸ਼ਕਲ ਹੈ। ਮੋਟੇ ਤੌਰ ’ਤੇ ਦੋ ਤਰੀਕੇ ਅਪਣਾਏ ਹਨ। ਇੱਕ ਵਿਅਕਤੀ ਦੇ ਸੁਭਾਅ ਜਾਂ ਵਿਹਾਰ ਦੀ ਕੋਈ ਤੰਦ ਲੈ ਕੇ ਗੱਲ ਸ਼ੁਰੂ ਕਰਨੀ। ਦੂਜਾ, ਕਿਸੇ ਦੀਆਂ ਰਚਨਾਵਾਂ ਰਾਹੀਂ ਉਸ ਦੀ ਸ਼ਖ਼ਸੀਅਤ ਨਾਲ ਸਾਂਝ ਪਾਉਣਾ। ਇਸੇ ਲਈ ਇਨ੍ਹਾਂ ਵਿਅਕਤੀ-ਚਿੱਤਰਾਂ ਵਿੱਚ ਕਈ ਵਾਰ ਸ਼ਖ਼ਸੀ ਗੁਣ ਅੱਗੇ ਹਨ ਕਈ ਵਾਰ ਰਚਨਾ ਸੰਸਾਰ। ਮੁੱਦਾ ਤਾਂ ਕਿਸੇ ਤੱਕ ਪਹੁੰਚਣ ਦਾ ਹੈ।’’
ਸੁੰਦਰਾਂ ਕਾਦਰਯਾਰ ਦਾ ਰਚਿਆ ਅਮਰ ਪਾਤਰ ਹੈ। ਉਹਦੇ ਕਿੱਸੇ ਵਿੱਚ ਸੁੰਦਰਾਂ ਹੁਸਨ ਦਾ ਮੁਜੱਸਮਾ ਹੈ। ਉਹਦੇ ਵਿਅਕਤੀ-ਚਿੱਤਰ ਵਿੱਚ ਉਹਦੇ ਨਾਲ ਸਾਂਝ ਪਾਉਂਦਾ ਕਵੀ ਲਿਖਦਾ ਹੈ:
ਸੁੰਦਰਾਂ ਨੇ ਪੂਰਨ ਵੇਖਿਆ ਤੇ ਵੇਖਦੀ ਰਹਿ ਗਈ/ ਮਨ ਹੀ ਮਨ ਕਿਹਾ- ‘ਸਾਡੇ ਲਈ ਤਾਂ ਬੀਬਾ ਤੂੰ!’/ ਸਾਰੀ ਦੀ ਸਾਰੀ ਜਵਾਨੀ ਲੈ ਕੇ/ ਸੁੰਦਰਾਂ ਨਾਥ ਦੇ ਟਿੱਲੇ ’ਤੇ ਗਈ/ ਪੂਰਨ ਲਈ ਬੇਨਤੀ ਕੀਤੀ, ਪੈਰੀਂ ਪਈ/ ਪੂਰਨ ਦੀ ਮਰਜ਼ੀ ਨਾਲ?
ਸਖੀਆਂ ਦੀ ਸਲਾਹ ਨਾਲ?/ ਜਾਂ ਦੁਖਦੀ ਰਗ਼ ਨਾਲ?/ ਨਾਥ ਤੁੱਠਾ, ਸੁੰਦਰਾਂ ਦਾ ਹੱਠ ਮੰਨਿਆ-/ ਆਹ ਵੇਖ ਕੇ?
ਜਾਂ ਵਿਸਾਹ ਵੇਖ ਕੇ?
ਇਸ ਤਰ੍ਹਾਂ ਕਾਵਿ ਬਿਰਤਾਂਤ ਵਿੱਚ ਸੁੰਦਰਾਂ ਦਾ ਪ੍ਰਸੰਗ ਫੈਲਦਾ ਹੈ। ਪੂਰਨ ਲਈ ਉਹਦੀ ਤੜਪ, ਗੁਰੂ ਦਾ ਆਦੇਸ਼ ਮੰਨ ਕੇ ਪੂਰਨ ਦਾ ਸੁੰਦਰਾਂ ਦੇ ਪਿੱਛੇ ਪਿੱਛੇ ਜਾਣਾ, ਸੁੰਦਰਾਂ ਦੇ ਮਹਿਲ ਦੀ ਆਭਾ, ਉਦਾਸ ਪੂਰਨ ਤੇ ਇਸ਼ਕ ਦੀ ਬਾਜ਼ੀ ਜਿੱਤਣ ਨਾਲੋਂ ਸੁੰਦਰਾਂ ਦਾ ਮਹਿਲਾਂ ਤੋਂ ਛਾਲ ਮਾਰ ਕੇ ਸੱਚੇ ਇਸ਼ਕ ਲਈ ਕੁਰਬਾਨ ਹੋ ਜਾਣਾ ਇਸ ਦੇ ਮੱਧਕਾਲੀ ਸੂਤਰਾਂ ਵਿੱਚ ਮਹੱਤਵਪੂਰਨ ਹੈ। ਇਨ੍ਹਾਂ ਨੂੰ ਨਵੀਂ ਪੇਸ਼ਕਾਰੀ ਵਿੱਚ ਬੰਨ੍ਹ ਕੇ ਕਾਵਿ ਬਿਰਤਾਂਤ ਸਿਰਜਣਾ ਹੀ ਇਹਦੀ ਵਿਲੱਖਣਤਾ ਨੂੰ ਦਰਸਾਉਂਦਾ ਹੈ।
ਇਸੇ ਤਰ੍ਹਾਂ ਕੁਝ ਹੋਰ ਲੇਖਕਾਂ ਦੀ ਨਕਸ਼ਨਿਗਾਰੀ ਨੂੰ ਵਾਚਿਆ ਜਾ ਸਕਦਾ ਹੈ:
ਪਤਾ ਨਹੀਂ ਉਹਦੇ ਕਾਸ਼ਨੀ ਵਿਹੜੇ ’ਚ/ ਪਾਬਲੋ ਨੇਰੂਦਾ ਕਿੰਨਾ ਚਿਰ ਠਹਿਰਿਆ/ ਪਰ ਲੱਗਦਾ ਇੰਜ ਹੈ- ਜਿਓਂ ਗਾਰਗੀ ਤੇ ਨੇਰੂਦਾ/ ਬਠਿੰਡੇ ਈ ਪੜ੍ਹੇ ਹੋਣ/ ਤੇ ਘਰੋਂ ਦੌੜ ਕੇ ਇੱਕ ਦਿੱਲੀ/ ਦੂਜਾ ਚਿੱਲੀ ਜਾ ਵਸਿਆ ਹੋਏ ਇਸੇ ਤਰ੍ਹਾਂ ਬਾਕੀ ਦੇ ਵਿਅਕਤੀ ਚਿੱਤਰ ਵੀ ਦੇਖੇ ਜਾ ਸਕਦੇ ਹਨ ਜਿਨ੍ਹਾਂ ਨੂੰ ਲੇਖਕ ਨੇ ਬੜੀ ਕਾਵਿਕ, ਵਿਅੰਗਮਈ ਤੇ ਸੂਖ਼ਮ ਸ਼ੈਲੀ ਰਾਹੀਂ ਚਿਤਰਿਆ ਹੈ। ਉਹਦੇ ਇਨ੍ਹਾਂ ਵਿਅਕਤੀ ਚਿਤਰਾਂ ਨੂੰ ਸੂਤਰਬੱਧ ਕਰਦਿਆਂ ਡਾ. ਹਰਿਭਜਨ ਸਿੰਘ ਭਾਟੀਆ ਨੇ ਲਿਖਿਆ ਹੈ: ਮੋਹਨਜੀਤ ਵਿਅਕਤੀ-ਚਿੱਤਰਾਂ ਦੀ ਸਿਰਜਣਾ ਸਮੇਂ ਕਾਵਿਕ, ਸੰਕੇਤਕ ਅਤੇ ਤਸ਼ਬੀਹਾਂ ਨਾਲ ਭਰਪੂਰ ਭਾਸ਼ਾ ਦੀ ਵਰਤੋਂ ਕਰਦਾ ਹੈ। ਇਸ ਲਈ ਉਹਦੇ ਕਾਵਿ-ਚਿੱਤਰ ਇੱਕ ਛੋਟਾ ਜਿਹਾ ਨਾਟਕ ਪ੍ਰਤੀਤ ਹੁੰਦੇ ਹਨ, ਅਜਿਹਾ ਰੂਪਕ ਜਿਹੜਾ ਇੱਕੋ ਸਮੇਂ ਸੰਬੰਧਤ ਵਿਅਕਤੀ, ਸ਼ਾਇਰੀ ਜਾਂ ਉਸ ਦੀ ਅਦਬੀ ਦੁਨੀਆ ਜਾਂ ਉਸ ਦੀ ਜ਼ਿੰਦਗੀ ਦੇ ਹੋਰਨਾਂ ਪਾਸਾਰਾਂ ਬਾਰੇ ਇਸ਼ਾਰਿਆਂ, ਸੰਕੇਤਾਂ ਜਾਂ ਲੋੜਾਂ ਦੀ ਭਾਸ਼ਾ ਵਿੱਚ ਬਹੁਤ ਕੁਝ ਆਖ ਜਾਂਦਾ ਹੈ। ਉਸ ਦੇ ਇਹ ਚਿੱਤਰ ਤੱਥ ਤੋਂ ਤੱਤ ਦਾ ਸਫ਼ਰ ਕਰਦੇ ਨਜ਼ਰ ਆਉਂਦੇ ਹਨ।’’
ਸੰਪਰਕ: 94173-58120