ਤੇਰਾ ਨਾਮ ਮੇਰਾ ਨਾਮ ਵੀਅਤਨਾਮ
ਸੁਰਿੰਦਰ ਗਿੱਲ
ਅਮਰੀਕਾ ਨੇ ਅਜਿੱਤ ਹੋਣ ਦੀ ਸੋਚ ਤਹਿਤ ਏਸ਼ੀਆ ਦੇ ਦੋ ਮੁਲਕਾਂ ਕੋਰੀਆ ਤੇ ਵੀਅਤਨਾਮ ਵਿਚ ਦਖ਼ਲ ਦਿੱਤਾ। ਅਮਰੀਕਾ ਨੂੰ ਸਭ ਤੋਂ ਵੱਡੀ ਹਾਰ ਵੀਅਤਨਾਮ ਵਿਚ ਮਿਲੀ। ਵੀਅਤਨਾਮੀਆਂ ਦੇ ਸੰਘਰਸ਼ ਨੂੰ ਦੁਨੀਆਂ ਦੇ ਹੋਰ ਮੁਲਕਾਂ ਦੇ ਨਾਲ ਨਾਲ ਭਾਰਤੀ ਲੋਕਾਂ ਦੀ ਵੀ ਭਰਵੀਂ ਹਮਾਇਤ ਮਿਲੀ। ਪੰਜਾਬ ਵਿੱਚ ‘ਮੇਰਾ ਨਾਮ ਤੇਰਾ ਨਾਮ ਵੀਅਤਨਾਮ’ ਦਾ ਨਾਅਰਾ ਫਿਜ਼ਾ ਵਿਚ ਗੂੰਜਦਾ ਰਿਹਾ। ਵੀਅਤਨਾਮੀਆਂ ਦੀ ਜੱਦੋਜਹਿਦ ਬਾਬਤ ਪੰਜਾਬੀ ਸਾਹਿਤਕਾਰਾਂ ਨੇ ਵੱਖ ਵੱਖ ਸਿਨਫ਼ਾਂ ਵਿਚ ਸਾਹਿਤ ਰਚਨਾ ਕੀਤੀ ਜਿਨ੍ਹਾਂ ਵਿਚ ਕਵਿਤਾ ਵੀ ਸ਼ੁਮਾਰ ਹੈ। ਜਨਵਰੀ 1973 ਨੂੰ ਅਮਰੀਕਾ ਤੇ ਵੀਅਤਨਾਮ ਵਿਚ ਜੰਗਬੰਦੀ ਦੇ ਸਮਝੌਤੇ ‘ਤੇ ਦਸਤਖ਼ਤ ਹੋਏ।
ਚਿੱਟਾ ਲਹੂ: ਐ ਮੇਰੇ ਵੀਅਤਨਾਮੀ ਵੀਰ ਸੰਗਰਾਮੀ
(ਵੀਹਵੀਂ ਸਦੀ ਦੇ ਸੱਠਵਿਆਂ ਵਿਚ ਭਾਰਤੀ ਕੁੜੀ ਰੀਟਾ ਫ਼ਾਰੀਆ ਵਿਸ਼ਵ ਸੁੰਦਰੀ ਚੁਣੀ ਗਈ ਸੀ)
ਐ ਮੇਰੇ ਮੀਤ!
ਅੱਗ ਦੇ ਦੇਸ਼ ਵਸਦੇ ਯੋਧਿਆ ਮਿੱਤਰਾ!
ਮੈਂ ਸ਼ਰਮਿੰਦਾਂ
ਕਿ ਮੇਰੇ ਦੇਸ਼ ਬਾਰੇ ਸੋਚਦਾ ਹੋਵੇਂਗਾ ਤੂੰ।
ਕਿ ਆਪਣੇ ਹਾਣ ਦੇ ਠੰਢੇ ਲਹੂ ਨੂੰ ਕੋਸਦਾ ਹੋਵੇਂਗਾ ਤੂੰ।
ਮੈਂ ਸੁਣਿਆ ਹੈ
ਕਿ ਮੇਰੇ ਦੇਸ਼ ਤੋਂ ਕੋਈ ਕੁੜੀ ਤੇਰੇ ਦੇਸ਼ ਆਈ ਹੈ
ਤੇ ਤੇਰੇ ਦੁਸ਼ਮਣਾਂ ਦੀਆਂ ਮਹਿਫ਼ਲਾਂ ਵਿੱਚ ਮੁਸਕਰਾਈ ਹੈ
ਉਹਨੇ ਡਾਲਰ ਦੀ ਤੱਕੜੀ ਤੋਲ ਕੇ ਮੁਸਕਾਣ ਵੇਚੀ ਹੈ
ਤੇ ਸਾਰੇ ਵਿਸ਼ਵ ਦੀ ਨਾਰੀ ਦੇ ਨਾਂ ਨੂੰ ਲਾਜ ਲਾਈ ਹੈ।
ਐ ਮੇਰੇ ਵੀਅਤਨਾਮੀ ਵੀਰ ਸੰਗਰਾਮੀ!
ਤੂੰ ਮੇਰੇ ਦੇਸ਼ ਦੀ ਅਣਖੀ ਕੁੜੀ ਤੱਕੀ ਨਹੀਂ।
ਇਹ ਕੁੜੀਆਂ ਨੇ
ਜਿਵੇਂ ਧਰਤੀ ‘ਤੇ ਹੋਵੇ ਚੰਨ ਦਾ ਬੂਟਾ
ਇਹ ਕੁੜੀਆਂ ਨੇ
ਜਿਵੇਂ ਬਾਗਾਂ ‘ਚ ਹੋਵਣ ਰੁੱਖ ਚਾਨਣ ਦੇ
ਇਹ ਕੁੜੀਆਂ ਨੇ
ਜਿਵੇਂ ਚਸ਼ਮੇਂ ਤੇ ਚੂਲ਼ੀ ਕਰਦੀਆਂ ਕਿਰਨਾਂ
ਇਹ ਕੁੜੀਆਂ ਨੇ
ਜਿਵੇਂ ਚੰਦਨ ਦੇ ਜੰਗਲ ਅੱਗ ਦੀਆਂ ਲਾਟਾਂ
ਇਨ੍ਹਾਂ ਦਾ ਡੰਗਿਆ ਦੁਸ਼ਮਣ ਕਦੇ ਪਾਣੀ ਨਹੀਂ ਮੰਗਦਾ
ਇਨ੍ਹਾਂ ਦੀ ਪਿਆਰ ਭਿੱਜੀ ‘ਵਾਜ਼ ਮੋਏ ਮਿੱਤਰਾਂ ਨੂੰ ਵੀ ਜਿਵਾ ਲੈਂਦੀ।
ਤੇਰੀ ਧਰਤੀ ‘ਤੇ ਜੋ ਚਿੱਟਾ ਲਹੂ ਆਇਆ ਤੇ ਵਿਕਿਆ ਹੈ
ਉਹ ਮੇਰੇ ਦੇਸ਼ ਦਾ ਅੰਗਿਆਰਿਆਂ ਵਰਗਾ ਲਹੂ ਨਾਹੀਂ।
ਇਹ ਨਾ ਲਹਿਰਾਂ ਦੀ ਬੋਲੀ ਬੋਲਦਾ
ਨਾ ਅੱਗ ਦਾ ਕੋਈ ਗਾਉਂਦਾ ਹੈ।
ਇਹ ਖ਼ੁਦਗ਼ਰਜ਼ੀ ਦੀ ਕੁੱਖੋਂ ਜਨਮਿਆ
ਤੇ ਡਾਲਰਾਂ ਦੀ ਸੇਜ ਸੌਂਦਾ ਹੈ।
ਇਸੇ ਕਰਕੇ
ਮੇਰੀ ਮਹਿਬੂਬ ਦੇ ਮੁੱਖੜੇ ਦੀ ਧੁੱਪ ਨੂੰ ਸ਼ਰਮ ਆਈ
ਤੇ ਉਸਦੀ ਅਣਖ ਮਰਦੇ ਸੱਪ ਵਾਂਗੂੰ ਤਿਲਮਲਾਈ ਹੈ।
ਐ ਮੇਰੇ ਮੀਤ
ਮੇਰੇ ਵੀਰ
ਮੇਰੇ ਯੋਧਿਆ ਮਿੱਤਰਾ!
ਮੇਰੀ ਮਹਿਬੂਬ ਤੈਨੂੰ ਆਪਣੀ ਮੁਸਕਾਣ ਘੱਲਦੀ ਹੈ।
ਉਹ ਚਾਹੁੰਦੀ ਹੈ ਕਿ ਉਹ ਚੰਦਰੀ ਕੁੜੀ
ਹੁਣ ਪਰਤ ਕੇ ਇਸ ਦੇਸ਼ ਨਾ ਆਵੇ
ਕਿ ਉਸਦੇ ਜਿਸਮ ਅੰਦਰ ਕਾਇਰਤਾ ਦੇ ਕਿਰਮ ਰਚ ਗਏ ਨੇ
ਹਾਇ! ਉਹ ਮੇਰਿਆਂ ਖੇਤਾਂ ‘ਚ ਜੂਠੇ ਪੈਰ ਨਾ ਪਾਵੇ।
ਤੇ ਮੇਰੀ ਭੈਣ ਨਿੱਕੀ ਬਾਲੜੀ ਨੇ ਰੋਹ ਵਿਚ ਆ ਕੇ
ਉਹਦੀ ਤਸਵੀਰ ਵਾਲੀ ਅੱਜ ਦੀ ਅਖ਼ਬਾਰ ਚੁੱਕ ਕੇ ਪਾੜ ਸੁੱਟੀ ਹੈ
ਤੇ ਮੇਰੇ ਮਹਾਵਿਦਿਆਲੇ ਦੀਆਂ ਕੁੜੀਆਂ ਨੇ ਉਸ ਮੁਟਿਆਰ ਦਾ
ਪੁਤਲਾ ਜਲਾਇਆ ਹੈ
ਤੇ ਮੇਰੀ ਮਾਂ ਨੇ ਮੇਰੇ ਵੀਅਤਨਾਮੀ ਵੀਰ!
ਤੇਰੀ ਜਿੱਤ ਦਾ ਦੀਵਾ ਜਗਾਇਆ ਹੈ।
ਸੰਪਰਕ: 99154-73505