ਤੂਰ ਦੀ ਪੁਸਤਕ ‘ਵੰਡ ਦੀ ਅਕੱਥ ਕਥਾ’ ਲੋਕ ਅਰਪਣ
ਹਰਦੇਵ ਚੌਹਾਨ
ਚੰਡੀਗੜ੍ਹ, 24 ਦਸੰਬਰ
ਪੰਜਾਬ ਅਤੇ ਹਰਿਆਣਾ ਦੇ ਸੀਨੀਅਰ ਐਡਵੋਕੇਟ ਜੋਗਿੰਦਰ ਸਿੰਘ ਤੂਰ ਦੀ ਲਿਖੀ ਪੁਸਤਕ ‘ਵੰਡ ਦੀ ਅਕੱਥ ਕਥਾ’ ਅੱਜ ਲਾਅ ਭਵਨ, ਚੰਡੀਗੜ੍ਹ ਵਿੱਚ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਗੁਲਜ਼ਾਰ ਸਿੰਘ ਸੰਧੂ ਨੇ ਕੀਤੀ। ਲੋਕ ਅਰਪਣ ਸਮਾਗਮ ਵਿੱਚ ਬਰਜਿੰਦਰ ਸਿੰਘ ਹਮਦਰਦ ਉਚੇਚੇ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਡਾ. ਸਵਰਾਜਬੀਰ, ਡਾ. ਮਨਜੀਤ ਸਿੰਘ ਖਹਿਰਾ ਅਤੇ ਹਰੀਸ਼ ਜੈਨ ਨੇ ਪੁਸਤਕ ਬਾਰੇ ਵਿਚਾਰ ਸਾਂਝੇ ਕੀਤੇ। ਡਾ. ਸਵਰਾਜਬੀਰ ਨੇ ਕਿਹਾ ਕਿ 1947 ਵਿੱਚ ਪੰਜਾਬੀ ਸੱਭਿਅਤਾ ਨਸ਼ਟ ਅਤੇ ਭ੍ਰਿਸ਼ਟ ਹੋ ਗਈ ਸੀ, ਪੰਜਾਬੀਆਂ ਨੇ ਇੱਕ-ਦੂਜੇ ਦੇ ਗਲੇ ਵੱਢ ਦਿੱਤੇ। ਉਨ੍ਹਾਂ ਕਿਹਾ ਕਿ ਕੁੜੱਤਣ ਹਾਲੇ ਵੀ ਹਵਾ ਵਿੱਚ ਤੁਰੀ ਫਿਰਦੀ ਹੈ, ਇਸ ਨੂੰ ਮੱਲ੍ਹਮ ਲਾਉਣ ਦੀ ਲੋੜ ਹੈ। ਜੋਗਿੰਦਰ ਸਿੰਘ ਤੂਰ ਨੇ ਅੱਖੀਂ ਡਿੱਠਾ ਹਾਲ ਤੇ ਹੱਡੀਂ ਹੰਢਾਈ ਪੀੜ ਦਾ ਬਿਆਨ ਹਥਲੀ ਪੁਸਤਕ ਵਿੱਚ ਕੀਤਾ ਹੈ। ਬਰਜਿੰਦਰ ਸਿੰਘ ਹਮਦਰਦ ਨੇ ਵੀ ਵੰਡ ਦੀ ਦਾਸਤਾਂ ਸੁਣਾਈ। ਮਨਜੀਤ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਬੜਾ ਘੱਟ ਲਿਖਿਆ ਗਿਆ ਹੈ ਅਤੇ ਵੰਡ ਦੀ ਦਾਸਤਾਨ ਨੂੰ ਬਿਆਨਣ ਲਈ ਹੋਰ ਕੰਮ ਕਰਨ ਦੀ ਲੋੜ ਹੈ। ਹਰੀਸ਼ ਜੈਨ ਨੇ ਕਿਹਾ ਕਿ ਇਤਿਹਾਸਿਕ ਪੱਖੋਂ ਇਹ ਬਹੁਤ ਮਹੱਤਵਪੂਰਨ ਪੁਸਤਕ ਹੋਵੇਗੀ। ਗੁਲਜ਼ਾਰ ਸਿੰਘ ਸੰਧੂ ਨੇ ਆਪਣੀ ਮਕਬੂਲ ਕਹਾਣੀ ‘ਸ਼ਹੀਦ’ ਦੇ ਹਵਾਲੇ ਨਾਲ ਵੰਡ ਦਾ ਲੇਖਾ-ਜੋਖਾ ਕੀਤਾ। ਜੋਗਿੰਦਰ ਸਿੰਘ ਤੂਰ ਨੇ ਵੰਡ ਦਾ ਕਿੱਸਾ ਸੁਣਾਇਆ। ਲੋਕ ਗੀਤ ਪ੍ਰਕਾਸ਼ਨ ਦੁਆਰਾ ਛਾਪੀ ਗਈ ‘ਵੰਡ ਦੀ ਅਕੱਥ ਕਥਾ’ 288 ਪੰਨਿਆਂ ਦੀ ਪੁਸਤਕ ਹੈ ਜਿਸ ਵਿੱਚ ਐਡਵੋਕੇਟ ਜੋਗਿੰਦਰ ਸਿੰਘ ਤੂਰ ਨੇ ਆਪਣੇ ਪਰਿਵਾਰ ਦੀ ਗਾਥਾ, ਬਟਵਾਰੇ ਦਾ ਲੇਖਾ ਜੋਖਾ ਅਤੇ ਇਤਿਹਾਸ ਦਰਜ ਕੀਤਾ ਹੈ। ਇਸ ਮੌਕੇ ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਸੰਜੀਵਨ, ਰੰਜੀਵਨ, ਹਜ਼ਾਰਾਂ ਸਿੰਘ ਚੀਮਾ, ਮਨਮੋਹਨ ਸਿੰਘ ਦਾਊ, ਰਾਜੀਵ ਗੋਦਾਰਾ ਅਤੇ ਰਾਜਿੰਦਰ ਸਿੰਘ ਚੀਮਾ ਹਾਜ਼ਰ ਸਨ।