ਤੀਹ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਸਨਮਾਨ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 10 ਮਈ
ਇੱਥੇ ਸ਼ਾਨਦਾਰ ਪੁਲੀਸ ਸੇਵਾਵਾਂ ਨਿਭਾਉਣ ਬਦਲੇ ਜ਼ਿਲ੍ਹਾ ਮਾਲੇਰਕੋਟਲਾ ਦੇ ਦੋ ਡੀਐੱਸਪੀਜ਼ ਸਮੇਤ 29 ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਅੱਜ ਐੱਸਐੱਸਪੀ ਮਾਲੇਰਕੋਟਲਾ ਗਗਨਅਜੀਤ ਸਿੰਘ ਨੇ ਡੀਜੀ ਕਮਾਡੈਂਸਨ ਡਿਸਕ ਅਤੇ ਸੀਸੀ ਦਰਜਾ ਸਰਟੀਫਿਕੇਟਾਂ ਸਮੇਤ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ। ਡੀਜੀ ਕਮਾਡੈਂਸਨ ਡਿਸਕ ਨਾਲ ਸਨਮਾਨਿਤ ਅਧਿਕਾਰੀਆਂ ਵਿਚ ਡੀਐੱਸਪੀ ਹੈੱਡਕੁਆਰਟਰ ਮਾਨਵਜੀਤ ਸਿੰਘ ਸਿੱਧੂ, ਡੀਐੱਸਪੀ ਅਹਿਮਦਗੜ੍ਹ ਰਾਜਨ ਸ਼ਰਮਾ, ਇੰਸਪੈਕਟਰ ਗਗਨਦੀਪ ਸਿੰਘ ਐੱਸਐੱਚਓ ਸੰਦੌੜ ਅਤੇ ਇੰਸਪੈਕਟਰ ਸੁਖਵਿੰਦਰ ਸਿੰਘ ਐੱਸਐੱਚਓ ਸਦਰ ਅਹਿਮਦਗੜ੍ਹ ਸ਼ਾਮਲ ਹਨ ਜਦਕਿ ਸੀਸੀ ਦਰਜਾ ਸਰਟੀਫਿਕੇਟ ਸਮੇਤ ਨਕਦ ਇਨਾਮ ਪ੍ਰਾਪਤ ਕਰਨ ਵਾਲਿਆਂ ਵਿਚ ਵੱਖ-ਵੱਖ ਰੈਂਕਾਂ ਦੇ 26 ਹੋਰ ਅਧਿਕਾਰੀ ਤੇ ਮੁਲਾਜ਼ਮ ਸ਼ੁਮਾਰ ਹਨ। ਐੱਸਐੱਸਪੀ ਗਗਨ ਅਜੀਤ ਸਿੰਘ ਨੇ ਸਨਮਾਨਿਤ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ, ਨਸ਼ਾ ਤਸਕਰਾਂ, ਗੁੰਡਾਗਰਦੀ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਪੂਰੀ ਸ਼ਿੱਦਤ ਤੇ ਵਫਾਦਾਰੀ ਨਾਲ ਨਿਭਾਈ ਡਿਊਟੀ ਸਦਕਾ ਸਨਮਾਨਿਤ ਇਹ ਪੁਲੀਸ ਅਧਿਕਾਰੀ ਜਿਥੇ ਹੋਰ ਪੁਲੀਸ ਅਧਿਕਾਰੀਆਂ ਲਈ ਪ੍ਰੇਰਣਾ ਸਰੋਤ ਬਣਨਗੇ ਉਥੇ ਇਹ ਸਨਮਾਨ ਪੁਲੀਸ ਅਧਿਕਾਰੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਹੋਰ ਵਧੇਰੇ ਇਮਾਨਦਾਰੀ, ਵਫਾਦਾਰੀ ਅਤੇ ਪੇਸ਼ੇਵਾਰਾਨਾ ਢੰਗ ਨਾਲ ਨਿਭਾਉਣ ਲਈ ਉਤਸ਼ਾਹਿਤ ਕਰਨਗੇ। ਇਸ ਮੌਕੇ ਐੱਸਐੱਸਪੀ ਦੇ ਨਾਲ ਐੱਸਪੀ (ਆਈ) ਸੱਤਪਾਲ ਸ਼ਰਮਾ ਅਤੇ ਸਾਰੇ ਥਾਣਿਆਂ ਦੇ ਮੁੱਖ ਅਫਸਰ ਵੀ ਮੌਜੂਦ ਸਨ।