ਤਿੰਨ ਮਹੀਨੇ ਦਾ ਬੱਚਾ ਵੇਚਣ ਦੀ ਸਾਜ਼ਿਸ਼ ਨਾਕਾਮ
ਹਤਿੰਦਰ ਮਹਿਤਾ
ਜਲੰਧਰ, 26 ਦਸੰਬਰ
ਇਥੇ ਕਮਿਸ਼ਨਰੇਟ ਪੁਲੀਸ ਨੇ 24 ਘੰਟਿਆਂ ਵਿੱਚ ਤਿੰਨ ਮਹੀਨੇ ਦਾ ਬੱਚਾ ਬਰਾਮਦ ਕਰਕੇ ਉਸ ਵੇਚਣ ਵਾਲਿਆਂ ਦੀ ਸਾਜ਼ਿਸ਼ ਨਾਕਾਮ ਕਰ ਦਿੱਤੀ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪਿੰਡ ਢਿੱਲਵਾਂ, ਜਲੰਧਰ ਨੇੜੇ ਕਲੋਨੀ ਤੋਂ ਤਿੰਨ ਮਹੀਨੇ ਦਾ ਬੱਚਾ ਅਗਵਾ ਹੋਣ ਸਬੰਧੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲੀਸ ਵਲੋਂ ਮੌਕੇ ’ਤੇ ਪਹੁੰਚ ਕੇ ਪੁਛ-ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਸਟੇਸ਼ਨ ਰਾਮਾ ਮੰਡੀ ਵਿੱਚ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਬੱਚੇ ਨੂੰ ਲੱਭਣ ਲਈ ਪੁਲੀਸ ਅਤੇ ਤਕਨੀਕੀ ਟੀਮਾਂ ਨੂੰ ਤਾਇਨਾਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੂਰੀ ਡੂੰਘਾਈ ਨਾਲ ਛਾਣਬੀਣ ਕਰਦਿਆਂ ਇਸ ਜੁਰਮ ਵਿੱਚ ਸ਼ਾਮਿਲ ਬਲਜੀਤ ਕੌਰ ਪਤਨੀ ਬਲਜੀਤ ਸਿੰਘ, ਬਲਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਕਾਨ ਨੰਬਰ 516, ਦਕੋਹਾ, ਰਿੰਕੂ ਲਾਂਬਾ ਪੁੱਤਰ ਕਸ਼ਮੀਰਾ ਸਿੰਘ ਵਾਸੀ ਸ਼ਾਹਕੋਟ ਹਾਲ ਵਾਸੀ ਸਲੇਮ ਟਾਬਰੀ ਲੁਧਿਆਣਾ ਅਤੇ ਮਨੋਜ ਕੁਮਾਰ ਉਰਫ਼ ਲੱਕੀ ਪੁੱਤਰ ਨਿਰਮਲ ਦਾਸ ਵਾਸੀ ਧੰਨੋਵਾਲੀ ਦੀ ਪਛਾਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਮੁਲਜਮਾਂ ਨੂੰ ਗ੍ਰਿਫ਼ਤਾਰ ਕਰਕੇ 24 ਘੰਟਿਆਂ ਵਿੱਚ ਅਗਵਾ ਕੀਤਾ ਬੱਚਾ ਬਰਾਮਦ ਕਰ ਲਿਆ ਗਿਆ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਬੱਚਾ ਵੇਚਣ ਲਈ ਅਗਵਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਜੁਰਮ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਤੇ ਆਟੋ ਰਿਕਸ਼ਾ ਵੀ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਸਬੰਧੀ ਅਗਲੇਰੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।