ਤਾਇਕਵਾਂਡੋ: ਮਾਤਾ ਗੁਜਰੀ ਸਕੂਲ ਦੇ ਬੱਚਿਆਂ ਨੇ ਤਗ਼ਮੇ ਜਿੱਤੇ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 3 ਜਨਵਰੀ
ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੜਾ ਦੇ ਵਿਦਿਆਰਥੀਆਂ ਨੇ ਭੁਵਨੇਸ਼ਵਰ ਵਿੱਚ 30 ਦਸੰਬਰ ਤੋਂ ਪਹਿਲੀ ਜਨਵਰੀ ਤੱਕ ਹੋਈ ਦੂਜੀ ਕੌਮੀ ਤਾਇਕਵਾਂਡੋ ਚੈਂਪੀਅਨਸ਼ਿਪ ’ਚ ਹਿੱਸਾ ਲੈ ਕੇ ਸੋਨੇ ਤੇ ਚਾਂਦੀ ਦੇ ਤਗ਼ਮੇ ਜਿੱਤੇ। ਇਨ੍ਹਾਂ ਖਿਡਾਰੀਆਂ ਦੀ ਅਗਵਾਈ ਕੋਚ ਹਰਦੀਪ ਕੁਮਾਰ ਨੇ ਕੀਤੀ। ਚੈਂਪੀਅਨਸ਼ਿਪ ਵਿੱਚ ਅੱਠ ਰਾਜਾਂ ਦੇ 700 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ। ਇਸ ਵਿੱਚ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੜਾ ਦੇ ਅੰਡਰ-14 ਸਾਲ ਤੋਂ ਲੈ ਕੇ ਅੰਡਰ-19 ਤੱਕ ਦੇ 6 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿੱਚ ਤਿੰਨ ਵਿਦਿਆਰਥੀਆਂ ਕਰਨ ਗਿਰ, ਸਰਬਜੀਤ ਸਿੰਘ ਅਤੇ ਗੁਰਨੂਰ ਸਿੰਘ ਨੇ ਸੋਨ ਤਗ਼ਮੇ, ਦੋ ਵਿਦਿਆਰਥੀਆਂ ਸਹਿਜਵੀਰ ਸਿੰਘ ਅਤੇ ਗੁਰਕੀਰਤ ਸਿੰਘ ਨੇ ਚਾਂਦੀ ਅਤੇ ਸ਼ਾਨਵੀਰ ਸਿੰਘ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਸਕੂਲ ਡਾਇਰੈਕਟਰ ਭੁਪਿੰਦਰ ਸਿੰਘ, ਪ੍ਰਧਾਨ ਰਵਿੰਦਰ ਕੌਰ, ਪ੍ਰਿੰਸੀਪਲ ਤਰਨਦੀਪ ਅਰੋੜਾ ਤੇ ਅਕਾਦਮਿਕ ਡਾਇਰੈਕਟਰ ਤੇਜਿੰਦਰ ਕੌਰ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਹਰਦੀਪ ਕੁਮਾਰ ਨੂੰ ਵਧਾਈ ਦਿੱਤੀ।