ਸਾਬਕਾ ਮੰਤਰੀ ਮੁਖਮੈਲਪੁਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਸੁਰਿੰਦਰ ਸਿੰਘ ਚੌਹਾਨ/ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 5 ਜਨਵਰੀ
ਸਾਬਕਾ ਮੰਤਰੀ ਅਜੈਬ ਸਿੰਘ ਮੁਖਮੈਲਪੁਰ (75), ਜਿਨ੍ਹਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ, ਦੀ ਮ੍ਰਿਤਕ ਦੇਹ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਮੁਖਮੈਲਪੁਰ ’ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਡਿਪਟੀ ਕਮਿਸ਼ਨਰ (ਪਟਿਆਲਾ) ਡਾ. ਪ੍ਰੀਤੀ ਯਾਦਵ ਨੇ ਮ੍ਰਿਤਕ ਦੇਹ ’ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪਟਿਆਲਾ ਪੁਲੀਸ ਦੀ ਟੁਕੜੀ ਨੇ ਹਥਿਆਰ ਉਲਟੇ ਕਰ ਕੇ ਅਤੇ ਫਾਇਰ ਕਰ ਕੇ ਸਾਬਕਾ ਮੰਤਰੀ ਨੂੰ ਸ਼ੋਕ ਸਲਾਮੀ ਦਿੱਤੀ। ਇਸ ਦੌਰਾਨ ਅਜੈਬ ਸਿੰਘ ਮੁਖਮੈਲਪੁਰ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਅਜੇਪ੍ਰੀਤ ਸਿੰਘ ਮੁਖਮੈਲਪੁਰ ਨੇ ਦਿਖਾਈ। ਜ਼ਿਕਰਯੋਗ ਹੈ ਕਿ ਅਜੈਬ ਸਿੰਘ 1997 ਵਿੱਚ ਹਲਕਾ ਘਨੌਰ ਤੋਂ ਵਿਧਾਇਕ ਚੁਣੇ ਗਏ ਸਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਬਣੇ।
ਉਹ ਆਪਣੀ ਪਤਨੀ ਤੇ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ, ਪੁੱਤਰ ਅਜੇਪ੍ਰੀਤ ਸਿੰਘ, ਪੁੱਤਰੀਆਂ ਤੇ ਜਵਾਈਆਂ ਹਰਨੀਤ ਕੌਰ ਤੇ ਹਰਿੰਦਰਪਾਲ ਸਿੰਘ ਟੌਹੜਾ, ਪਰਨੀਤ ਕੌਰ ਤੇ ਸਿਮਰਨਜੋਤ ਸਿੰਘ ਢਿੱਲੋਂ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਦਾ ਅੰਗੀਠਾ ਸੰਭਾਲਣ ਦੀ ਰਸਮ 6 ਜਨਵਰੀ ਨੂੰ ਸਵੇਰੇ 9 ਵਜੇ ਪਿੰਡ ਮੁਖਮੈਲਪੁਰ ਵਿਖੇ ਹੋਵੇਗੀ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸਡੀਐੱਮ (ਦੂਧਨਸਾਧਾਂ) ਕਿਰਪਾਲਵੀਰ ਸਿੰਘ ਅਤੇ ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਦੀ ਤਰਫ਼ੋਂ ਐੱਸਪੀ ਰਜੇਸ਼ ਛਿੱਬੜ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸਸਕਾਰ ਮੌਕੇ ਅਰਦਾਸ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਪਰਨਾਮ ਸਿੰਘ ਨੇ ਕੀਤੀ। ਇਸ ਮੌਕੇ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਅਵਤਾਰ ਸਿੰਘ, ਹਿੰਦੂ ਤਖਤ ਦੇ ਮਹੰਤ ਬ੍ਰਹਮਾਨੰਦ ਗਿਰੀ, ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਆਦੇਸ਼ਪ੍ਰਤਾਪ ਸਿੰਘ ਕੈਰੋਂ ਤੇ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਦੀਪ ਕੌਰ ਟੌਹੜਾ, ਸੁਰਜੀਤ ਸਿੰਘ ਗੜ੍ਹੀ, ਜਰਨੈਲ ਸਿੰਘ ਕਰਤਾਰਪੁਰ ਸਮੇਤ ਵੱਡੀ ਗਿਣਤੀ ਸਿਆਸੀ, ਧਾਰਮਿਕ ਅਤੇ ਸਮਾਜਿਕ ਆਗੂਆਂ, ਮੌਜੂਦਾ ਤੇ ਸਾਬਕਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਸਮੇਤ ਇਲਾਕਾ ਨਿਵਾਸੀਆਂ ਨੇ ਵਿਛੜੇ ਆਗੂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।