ਤਲਵੰਡੀ ਸਾਬੋ: ਨਗਰ ਕੌਂਸਲ ’ਤੇ ਮਸਾਂ ਕਾਬਜ਼ ਹੋਈ ‘ਆਪ’
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 21 ਦਸੰਬਰ
ਤਲਵੰਡੀ ਸਾਬੋ ਨਗਰ ਕੌਂਸਲ ਦੇ 10 ਵਾਰਡਾਂ ’ਚ ਪਈਆਂ ਵੋਟਾਂ ਦੇ ਐਲਾਨੇ ਨਤੀਜਿਆਂ ਮੁਤਾਬਕ 10 ਵਾਰਡਾਂ ’ਚੋਂ ਆਮ ਆਦਮੀ ਪਾਰਟੀ ਦੇ 4, ਕਾਂਗਰਸ ਦੇ 4, ਸ਼੍ਰੋਮਣੀ ਅਕਾਲੀ ਦਲ ਦਾ 1 ਅਤੇ ਇੱਕ ਸੀਟ ’ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ। ਇੱਥੇ ਦੱਸਣਯੋਗ ਹੈ ਕਿ ਨਗਰ ਦੇ ਕੁੱਲ 15 ਵਾਰਡ ਹਨ ਅਤੇ ਨਾਮਜ਼ਦਗੀਆਂ ਸਮੇਂ ‘ਆਪ’ ਦੇ 5 ਉਮੀਦਵਾਰ ਬਿਨ੍ਹਾਂ ਮੁਕਾਬਲਾ ਜੇਤੂ ਕਰਾਰ ਦੇਣ ਕਾਰਨ ਭਾਵੇਂ ‘ਆਪ’ ਨਗਰ ਕੌਂਸਲ ’ਤੇ ਕਾਬਜ਼ ਹੋਣ ’ਚ ਸਫ਼ਲ ਹੋ ਗਈ ਹੈ, ਪਰ ਸੱਤਾਧਾਰੀ ਧਿਰ ਹੋਣ ਦੇ ਬਾਵਜੂਦ ਭਾਰੀ ਜਿੱਤ ਤੋਂ ਖੁੰਝ ਗਈ।
ਨਤੀਜਿਆਂ ਅਨੁਸਾਰ ਸ਼ਹਿਰ ਦੇ ਵੱਕਾਰੀ ਵਾਰਡ ਨੰਬਰ 13 ’ਚੋਂ ਸੀਨੀਅਰ ਕਾਂਗਰਸੀ ਆਗੂ ਸੁਖਬੀਰ ਸਿੰਘ ਚੱਠਾ ਦੀ ਮਾਤਾ ਅਤੇ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਬੀਬੀ ਸ਼ਿਵੰਦਰ ਕੌਰ ਚੱਠਾ 300 ਦੇ ਕਰੀਬ ਵੋਟਾਂ ਦੇ ਵੱਡੇ ਫਰਕ ਨਾਲ ‘ਆਪ’ ਉਮੀਦਵਾਰ ਪਰਮਜੀਤ ਕੌਰ ਨੂੰ ਹਰਾਉਣ ’ਚ ਸਫਲ ਰਹੇ। ਵੱਕਾਰੀ ਵਾਰਡ 2 ’ਚ ਕਾਂਗਰਸ ਦੇ ਦਵਿੰਦਰ ਸਿੰਘ ਸੂਬਾ ਨੇ ‘ਆਪ’ ਦੇ ਮਾਸਟਰ ਹਰਮੇਲ ਸਿੰਘ ਨੂੰ 300 ਦੇ ਕਰੀਬ ਵੋਟਾਂ ਨਾਲ ਮਾਤ ਦਿੱਤੀ। ਇਸੇ ਤਰ੍ਹਾਂ ਨਗਰ ਦੇ ਵੱਕਾਰੀ ਵਾਰਡ 8 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵੀ ਕੁਮਾਰ ਕੋਕੀ ਨੇ ‘ਆਪ’ ਸ਼ਹਿਰੀ ਪ੍ਰਧਾਨ ਤਰਸੇਮ ਸਿੰਗਲਾ ਨੂੰ 102 ਵੋਟਾਂ ਨਾਲ ਪਛਾੜ ਦਿੱਤਾ ਜਦਕਿ ਬਾਕੀ ਵਾਰਡਾਂ ਦੇ ਨਤੀਜਿਆਂ ਅਨੁਸਾਰ ‘ਆਪ’ ਦੇ ਉਮੀਦਵਾਰ ਵਾਰਡ 1 ਤੋਂ ਸਰਬਜੀਤ ਕੌਰ, ਵਾਰਡ 3 ਤੋਂ ਮਨਜੀਤ ਕੌਰ, ਵਾਰਡ 7 ਤੋਂ ਕੁਲਵੀਰ ਕੌਰ ਅਤੇ ਵਾਰਡ 12 ਤੋਂ ਵਰਮਦੇਵ ਸਿੰਘ ਜੇਤੂ ਰਹੇ। ਵਾਰਡ 11 ਤੋਂ ਕਾਂਗਰਸ ਦੇ ਭਰਪੂਰ ਸਿੰਘ ਅਤੇ ਵਾਰਡ 14 ਤੋਂ ਕਾਂਗਰਸ ਦੇ ਬੀਬੀ ਸਿਮਰਤ ਕੌਰ ਚੱਠਾ ਚੋਣ ਜਿੱਤਣ ’ਚ ਸਫ਼ਲ ਰਹੇ ਹਨ।
ਸਾਰਾ ਦਿਨ ਸਥਿਤੀ ਤਣਾਅਪੂਰਨ ਬਣੀ ਰਹੀ
ਨਗਰ ਕੌਂਸਲ ਤਲਵੰਡੀ ਸਾਬੋ ਦੇ 10 ਵਾਰਡਾਂ ਦੀਆਂ ਚੋਣਾਂ ਦੌਰਾਨ ਸਭ ਤੋਂ ਪਹਿਲਾਂ ਤਣਾਅ ਦੀ ਸਥਿਤੀ ਉਦੋਂ ਬਣੀ ਜਦੋਂ ਖਾਲਸਾ ਸੈਕੰਡਰੀ ਸਕੂਲ (ਲੜਕੇ) ’ਚ ਪੈ ਰਹੀਆਂ ਵੋਟਾਂ ਦੌਰਾਨ ਵਾਰਡ 13 ਤੋਂ ਕਾਂਗਰਸੀ ਉਮੀਦਵਾਰ ਬੀਬੀ ਸ਼ਿਵੰਦਰ ਕੌਰ ਚੱਠਾ ਦੇ ਪੁੱਤਰ ਤੇ ਸੀਨੀਅਰ ਕਾਂਗਰਸੀ ਆਗੂ ਸੁਖਬੀਰ ਸਿੰਘ ਚੱਠਾ ਅਤੇ ਵਾਰਡ 2 ਦੇ ਉਮੀਦਵਾਰ ਦਵਿੰਦਰ ਸਿੰਘ ਸੂਬਾ ਨੇ ਸੱਤਾਧਿਰ ਦੇ ਦਬਾਅ ਹੇਠ ਉਨ੍ਹਾਂ ਨੂੰ ਪੁਲੀਸ ਵੱਲੋਂ ਜਬਰੀ ਪੋਲਿੰਗ ਕੇਂਦਰਾਂ ਤੋਂ ਬਾਹਰ ਕੱਢਣ ਦੇ ਇਲਜ਼ਾਮ ਲਾ ਦਿੱਤੇ। ਇਸ ਸਮੇਂ ਪੁੱਜੇ ਕਾਂਗਰਸ ਹਲਕਾ ਇੰਚਾਰਜ ਨੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਕੋਲ ਵਿਰੋਧ ਦਰਜ ਕਰਵਾਇਆ ਤਾਂ ਦੋਵਾਂ ਉਮੀਦਵਾਰਾਂ ਨੂੰ ਪੋਲਿੰਗ ਕੇਂਦਰ ’ਚ ਵੜ੍ਹਨ ਦਿੱਤਾ ਪਰ ਕੁੱਝ ਸਮੇਂ ਬਾਅਦ ਹੀ ਚੱਠਾ ਨੂੰ ਫਿਰ ਤੋਂ ਪੋਲਿੰਗ ਕੇਂਦਰ ’ਚੋਂ ਕੱਢੇ ਜਾਣ ’ਤੇ ਨੋਟਿਸ ਲੈਂਦਿਆਂ ਸਾਬਕਾ ਹਲਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਐੱਸਐੱਸਪੀ ਬਠਿੰਡਾ ਨਾਲ ਫੋਨ ’ਤੇ ਗੱਲ ਕਰਨ ਉਪਰੰਤ ਮਾਮਲਾ ਸ਼ਾਂਤ ਹੋਇਆ। ਦੁਪਹਿਰ ਸਮੇਂ ਵਾਰਡ 14 ਦੇ ਅਕਾਲੀ ਉਮੀਦਵਾਰ ਜੋਗੇ ਕੌਰ ਵੱਲੋਂ ਜਾਅਲੀ ਵੋਟਾਂ ਪਵਾਏ ਜਾਣ ਦੇ ਇਲਜ਼ਾਮ ਲਾਉਣ ’ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਮੌਕੇ ਉਪਰ ਪੁੱਜੇ। ਉਨ੍ਹਾਂ ਪੁਲੀਸ ਅਧਿਕਾਰੀਆਂ ’ਤੇ ਸੱਤਾਧਾਰੀ ਧਿਰ ਦੇ ਹੱਥਾਂ ਵਿੱਚ ਖੇਡਣ ਦੇ ਇਲਜ਼ਾਮ ਲਗਾਉਂਦਿਆਂ ਜਾਅਲੀ ਵੋਟਾਂ ਪਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਮੰਗੀ। ਭੜਕੇ ਅਕਾਲੀ ਵਰਕਰਾਂ ਨੇ ਇਸ ਮੌਕੇ ਸਿੱਧੂ ਦੀ ਅਗਵਾਈ ਹੇਠ ਪੋਲਿੰਗ ਸਟੇਸ਼ਨ ਸਾਹਮਣੇ ਸੰਕੇਤਕ ਧਰਨਾ ਵੀ ਦਿੱਤਾ ਪਰ ਥਾਣਾ ਮੁਖੀ ਸਰਬਜੀਤ ਕੌਰ ਵੱਲੋਂ ਨਿਰਪੱਖ ਵੋਟਿੰਗ ਦੇ ਮਿਲੇ ਭਰੋਸੇ ਉਪਰੰਤ ਉਨ੍ਹਾਂ ਧਰਨਾ ਚੁੱਕਿਆ। ਵੋਟਿੰਗ ਦੇ ਆਖ਼ਰੀ ਸਮੇਂ ਸ਼ਾਮ ਨੂੰ ਬੂਥ 8 ਅਤੇ 9 ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਕੁੱਝ ਨੌਜਵਾਨਾਂ ਨੂੰ ਰੋਕਣ ਦੌਰਾਨ ਦੋ ਧਿਰਾਂ ’ਚ ਟਕਰਾਅ ਪੈਦਾ ਹੋ ਗਿਆ ਤੇ ਹੱਥੋਪਾਈ ਵੀ ਹੋਈ। ਨੌਜਵਾਨਾਂ ਨੂੰ ਲੈ ਕੇ ਆਈਆਂ ਗੱਡੀਆਂ ’ਤੇ ਵੀ ਭੜਕੀ ਭੀੜ ਨੇ ਹਮਲੇ ਦੀ ਕੋਸ਼ਿਸ਼ ਕੀਤੀ ਜਨ੍ਹਾਂ ਵਿੱਚੋਂ ਕੁੱਝ ਕੁ ਕੋਲ ਤੇਜ਼ਧਾਰ ਹਥਿਆਰ ਵੀ ਦੱਸੇ ਜਾ ਰਹੇ ਹਨ। ਡੀਐੱਸਪੀ ਰਾਜੇਸ਼ ਸਨੇਹੀ ਨੇ ਮੌਕੇ ਨੂੰ ਸਾਂਭਦਿਆਂ ਦੋਵਾਂ ਧਿਰਾਂ ’ਚ ਸੰਭਾਵੀ ਟਕਰਾਅ ਟਾਲ ਦਿੱਤਾ। ਜਿਨ੍ਹਾਂ ਗੱਡੀਆਂ ਉਪਰ ਹਮਲੇ ਦੀ ਕੋਸ਼ਿਸ਼ ਕੀਤੀ ਗਈ, ਉਨ੍ਹਾਂ ਵਿੱਚ ਹਲਕਾ ਵਿਧਾਇਕਾ ਦੇ ਪਰਿਵਾਰਕ ਮੈਂਬਰ ਮੌਜੂਦ ਸਨ। ਸ਼ਾਮ ਸਮੇਂ ਚੋਣਾਂ ਦੇ ਆਏ ਨਤੀਜਿਆਂ ਉਪਰੰਤ ਅਮਨ ਅਮਾਨ ਨਾਲ ਵੋਟਿੰਗ ਪ੍ਰਕਿਰਿਆ ਸੰਪੰਨ ਹੋ ਜਾਣ ’ਤੇ ਪੁਲੀਸ ਤੇ ਪ੍ਰਸ਼ਾਸਨ ਨੇ ਸੁਖ ਦਾ ਸਾਹ ਲਿਆ।