ਤਰਨ ਤਾਰਨ ਮੰਡੀ ਵਿੱਚ ਕਣਕ ਦੀ ਆਮਦ ਸ਼ੁਰੂ ਹੋਈ
ਪੱਤਰ ਪ੍ਰੇਰਕਤਰਨ ਤਾਰਨ, 14 ਅਪਰੈਲ
ਇੱਥੋਂ ਦੀ ਦਾਣਾ ਮੰਡੀ ਵਿੱਚ ਅੱਜ ਤੋਂ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ| ਮੰਡੀ ਵਿੱਚ ਸਭ ਤੋਂ ਪਹਿਲਾਂ ਇਲਾਕੇ ਦੇ ਪਿੰਡ ਸ਼ੇਖ ਦੇ ਕਿਸਾਨ ਮੱਖਣ ਸਿੰਘ ਦਾ ਪਰਿਵਾਰ ਕਣਕ ਲੈ ਕੇ ਆਇਆ ਪਰ ਕਣਕ ’ਚ ਸਿੱਲ੍ਹ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਕਣਕ ਖ਼ਰੀਦੀ ਨਾ ਸਕੀ।
ਇਸ ਦੇ ਨਾਲ ਹੀ ਮੰਡੀ ਵਿੱਚ ਇਲਾਕੇ ਦੇ ਪਿੰਡ ਬੁੱਗਾ ਦਾ ਕਿਸਾਨ ਡਾ. ਗੁਰਨਾਮ ਸਿੰਘ ਚਾਰ ਟਰਾਲੀਆਂ ਕਣਕ ਲੈ ਕੇ ਆਇਆ ਹੈ ਉਸ ਦੀ ਕਣਕ ਵੀ ਸਿੱਲ੍ਹੀ ਹੈ ਜਿਸ ਕਰਕੇ ਉਸ ਦੀ ਵੀ ਖਰੀਦ ਕੀਤੀ ਜਾਣੀ ਮੁਸ਼ਕਲ ਹੀ ਹੈ| ਮੰਡੀ ਸੁਪਰਵਾਈਜ਼ਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਜਿਣਸ ਦੀ ਖਰੀਦ ਕੀਤੇ ਜਾਣ ਦੇ ਸਾਰੇ ਬੰਦੋਬਸਤ ਪਹਿਲਾਂ ਹੀ ਕਰ ਲਏ ਗਏ ਹਨ| ਉਨ੍ਹਾਂ ਦਾਅਵਾ ਕੀਤਾ ਕਿ ਮੰਡੀ ਦੇ ਚਾਰ ਚੁਫੇਰੇ ਪੀਣ ਦੇ ਠੰਢੇ ਤੇ ਸਾਫ਼ ਪਾਣੀ ਦਾ ਬੰਦੋਬਸਤ ਕੀਤਾ ਗਿਆ ਹੈ ਅਤੇ ਸਫਾਈ ਦਾ ਪੂਰਾ ਖਿਲਾਫ਼ ਕੀਤਾ ਜਾ ਰਿਹਾ| ਉਨ੍ਹਾਂ ਕਿਹਾ ਕਿ ਅੱਜ ਮੰਡੀ ਵਿੱਚ ਕਣਕ ਦੀ ਆਮਦ ਸ਼ੁਰੂ ਹੋਣ ਦੇ ਪਹਿਲੇ ਦਿਨ 12 ਵਜੇ ਤੱਕ 2000 ਬੋਰੀ ਦੇ ਕਰੀਬ ਕਣਕ ਆ ਚੁੱਕੀ ਸੀ ਜਿਸ ਦੇ ਦਿਨ ਭਰ ਆਉਣ ਦੀ ਸੰਭਾਵਨਾ ਹੈ| ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੰਡੀ ਦੇ ਅੰਦਰ ਪਖਾਨਾ ਘਰਾਂ ਲਈ ਪਾਣੀ ਦੀ ਸਪਲਾਈ ਨਿਰਵਿਘਨ ਕੀਤੇ ਜਾਣ ਅਤੇ ਟੁੱਟੀਆਂ ਹੋਈਆਂ ਟੂਟੀਆਂ ਦੀ ਮੁਰੰਮਤ ਕਰਵਾ ਲਈ ਗਈ ਹੈ|