ਤਰਨ ਤਾਰਨ: ਪੁਲੀਸ ਨੂੰ ਗੋਲੀਆਂ ਨਾਲ ਵਿੰਨੀ ਲਾਸ਼ ਮਿਲੀ
ਤਰਨ ਤਾਰਨ, 23 ਦਸੰਬਰ
ਥਾਣਾ ਸਦਰ ਦੀ ਪੁਲੀਸ ਨੇ ਪਿੰਡ ਪੱਖੋਕੇ ਤੋਂ ਦੇਊ ਪਿੰਡ ਨੂੰ ਜਾਂਦੇ ਸੂਏ ਵਿੱਚੋਂ ਗੋਲੀਆਂ ਨਾਲ ਵਿੰਨੀ ਲਾਸ਼ ਬਰਾਮਦ ਕੀਤੀ ਹੈ| ਮ੍ਰਿਤਕ ਦੀ ਸ਼ਨਾਖਤ ਲਵਪ੍ਰੀਤ ਸਿੰਘ ਸ਼ੇਰੂ (28) ਵਾਸੀ ਪੱਤੀ ਲੰਮੀਆਂ ਕੀ, ਖਡੂਰ ਸਾਹਿਬ ਵਜੋਂ ਹੋਈ ਹੈ| ਐੱਸਐੱਚਓ ਸਬ-ਇੰਸਪੈਕਟਰ ਅਵਤਾਰ ਸਿੰਘ ਸੰਧੂ ਨੇ ਦੱਸਿਆ ਕਿ ਇਹ ਨੌਜਵਾਨ ਕੱਲ੍ਹ ਸ਼ਾਮ ਨੂੰ ਗੁਰਦੁਆਰਾ ਟਾਹਲਾ ਸਾਹਿਬ, ਚੱਬਾ ਮੱਥਾ ਟੇਕਣ ਲਈ ਆਖ ਕੇ ਘਰੋਂ ਗਿਆ ਸੀ| ਉਹ ਕਾਫ਼ੀ ਦੇਰ ਤੱਕ ਘਰ ਨਾ ਪੁੱਜਾ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ| ਪਰਿਵਾਰ ਨੂੰ ਉਸ ਦੀ ਲਾਸ਼ ਦੇਊ ਪਿੰਡ ਦੇ ਸੂਏ ਵਿੱਚੋਂ ਮਿਲੀ। ਥਾਣਾ ਮੁਖੀ ਅਵਤਾਰ ਸਿੰਘ ਨੇ ਮ੍ਰਿਤਕ ਦੇ ਪਿਤਾ ਪ੍ਰਤਾਪ ਸਿੰਘ ਦੇ ਹਵਾਲੇ ਨਾਲ ਦੱਸਿਆ ਕਿ ਲਵਪ੍ਰੀਤ ਸਿੰਘ ਪਹਿਲਾਂ ਨਸ਼ੇ ਕਰਨ ਦਾ ਆਦੀ ਸੀ ਜੋ ਇਲਾਜ ਕਰਵਾਉਣ ਮਗਰੋਂ ਠੀਕ ਹੋ ਗਿਆ ਸੀ| ਪੁਲੀਸ ਅਧਿਕਾਰੀ ਅਵਤਾਰ ਸਿੰਘ ਨੇ ਕਿਹਾ ਕਿ ਲਵਪ੍ਰੀਤ ਸਿੰਘ ਦੀ ਛਾਤੀ ’ਤੇ ਗੋਲੀਆਂ ਲੱਗੀਆਂ ਹਨ| ਪੁਲੀਸ ਨੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ| ਪੁਲੀਸ ਨੇ ਬੀਐੱਨਐੱਸ ਦੀ ਦਫ਼ਾ 103 ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ|