ਤਰਕਸ਼ੀਲ ਸੁਸਾਇਟੀ ਦੀ ਮੀਟਿੰਗ ਵਿੱਚ ਕੀਤੇ ਅਹਿਮ ਫ਼ੈਸਲੇ
ਸਤਵਿੰਦਰ ਬਸਰਾ
ਲੁਧਿਆਣਾ, 7 ਜਨਵਰੀ
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਲੁਧਿਆਣਾ ਜ਼ੋਨ ਦੀ ਅੱਜ ਅਹਿਮ ਮੀਟਿੰਗ ਸੁਸਾਇਟੀ ਦੇ ਜ਼ੋਨ ਦਫਤਰ ਨੇੜੇ ਬੱਸ ਸਟੈਂਡ ਲੁਧਿਆਣਾ ਵਿਖੇ ਹੋਈ। ਮੀਟਿੰਗ ਦੇ ਅਖੀਰ ਵਿੱਚ ਤਰਕਸ਼ੀਲ ਮੈਗਜ਼ੀਨ ਦਾ ਨਵਾਂ ਅੰਕ ਅਤੇ ਕੈਲੰਡਰ ਜਾਰੀ ਕੀਤਾ ਗਿਆ। ਇਹ ਕੈਲੰਡਰ ਪਿਛਲੇ ਸਮੇਂ ਸਦੀਵੀ ਵਿਛੋੜਾ ਦੇ ਗਏ ਪੰਜਾਬ ਦੇ ਸ਼੍ਰੋਮਣੀ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ਹੈ। ਇਸ ਵਿੱਚ ਪਾਤਰ ਦੀ ਕਵਿਤਾ ‘ਜੇ ਆਈ ਪੱਤਝੜ ਤਾਂ ਫੇਰ ਕੀ ਹੈ...’ ਛਾਪੀ ਗਈ ਹੈ। ਜ਼ੋਨ ਦੇ ਮੀਡੀਆ ਮੁਖੀ ਹਰਚੰਦ ਭਿੰਡਰ ਨੇ ਦੱਸਿਆ ਕਿ ਮੀਟਿੰਗ ਵਿੱਚ ਜ਼ੋਨ ਜਥੇਬੰਦਕ ਮੁਖੀ ਜਸਵੰਤ ਜੀਰਖ ਨੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਪੰਜਾਬ, ਸਮਾਜ ਨੂੰ ਅੰਧਵਿਸ਼ਵਾਸ਼ਾਂ ਤੋਂ ਮੁਕਤ ਕਰਕੇ ਬਰਾਬਰੀ ’ਤੇ ਅਧਾਰਤ ਅਗਾਂਹਵਧੂ, ਜਾਤ-ਪਾਤ ਰਹਿਤ ਵਿਗਿਆਨ ਸੋਚ ਦੇ ਆਧਾਰਿਤ ਬਣਾਉਣ ਲਈ ਯਤਨਸ਼ੀਲ ਹੈ। ਇਸ ਕਾਰਜ ਨੂੰ ਅਮਲੀ ਰੂਪ ਦੇਣ ਹਿਤ 26 ਫਰਵਰੀ ਨੂੰ ਸਥਾਨਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਤਰਕਸ਼ੀਲ ਮੈਂਬਰਾਂ ਦੇ ਪਰਿਵਾਰਾਂ ਦੀ ਪਰਿਵਾਰਕ ਮਿਲਣੀ ਵੀ ਕਰਵਾਈ ਜਾ ਰਹੀ ਹੈ। ਇਸ ਮੌਕੇ ਵਿਚਾਰ-ਚਰਚਾ ਤੋਂ ਇਲਾਵਾ ਪ੍ਰਵਾਰਿਕ ਮੈਂਬਰਾਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਦਾ ਖੁੱਲ੍ਹਾ ਮੌਕਾ ਦਿੱਤਾ ਜਾਵੇਗਾ।
ਇਸ ਦੇ ਇਲਾਵਾ ਹਿਸਾਬ-ਕਿਤਾਬ ਅਤੇ ਹੋਰਨਾਂ ਮਸਲਿਆਂ ਸਮੇਤ ਪਿਛਲੇ ਸਮੇਂ ਹੋਈ ਛੇਵੀਂ ਚੇਤਨਾ ਪਰਖ ਪ੍ਰੀਖਿਆ ਦੇ ਸਬੰਧ ਵਿੱਚ ਵਿਚਾਰ-ਚਰਚਾ ਹੋਈ ਅਤੇ ਇਸ ਵਿੱਚ ਭਾਗ ਲੈਕੇ ਚੰਗੇ ਨੰਬਰਾਂ ’ਚ ਪਾਸ ਹੋਏ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਤੈਅ ਕੀਤਾ ਗਿਆ। ਮੀਟਿੰਗ ਵਿੱਚ ਤਰਕਸ਼ੀਲ ਸਾਹਿਤ ਵੈਨ ਵੀ ਜਲਦ ਹੀ ਜ਼ੋਨ ਵਿੱਚ ਮੰਗਵਾਉਣ ਦਾ ਫੈਸਲਾ ਲਿਆ ਗਿਆ । ਇਸ ਮੌਕੇ ਜ਼ੋਨ ਦੇ ਵਿੱਤ ਮੁਖੀ ਧਰਮਪਾਲ ਸਿੰਘ ਅਤੇ ਕੈਨੇਡਾ ਤੋਂ ਮਾ. ਭਜਨ ਸਿੰਘ ਸਮੇਤ ਇਕਾਈਆਂ ਦੇ ਮੁਖੀਆਂ ਬਲਵਿੰਦਰ ਸਿੰਘ ਲੁਧਿਆਣਾ, ਮੋਹਨ ਬਡਲਾ ਮਾਲੇਰਕੋਟਲਾ, ਕਰਤਾਰ ਸਿੰਘ ਵੀਰਾਨ ਜਗਰਾਓਂ, ਰੁਪਿੰਦਰਪਾਲ ਸਿੰਘ ਕੋਹਾੜਾ, ਮਾਸਟਰ ਕਰਨੈਲ ਸਿੰਘ ਅਤੇ ਬੂਟਾ ਸਿੰਘ ਸੁਧਾਰ ਨੇ ਹਿੱਸਾ ਲਿਆ।