ਤਖ਼ਤ ਦਮਦਮਾ ਸਾਹਿਬ ’ਤੇ ਸ਼ਰਧਾ ਨਾਲ ਮਨਾਇਆ ਮਾਘੀ ਦਾ ਦਿਹਾੜਾ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 14 ਜਨਵਰੀ
ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਅੱਜ ਵੱਡੀ ਗਿਣਤੀ ਸੰਗਤ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਸਮੇਤ ਇੱਥੋਂ ਦੇ ਹੋਰ ਇਤਿਹਾਸਕ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ। ਸੰਗਤ ਨੇ ਜਿਥੇ ਤਖ਼ਤ ਸਾਹਿਬ ਵਿਖੇ ਅਤੇ ਬਾਬਾ ਡੱਲ ਸਿੰਘ ਜੀ ਖਾਨਦਾਨ ਕੋਲ ਸ਼ੁਸੋਭਿਤ ਇਤਿਹਾਸਕ ਵਸਤਾਂ ਦੇ ਦਰਸ਼ਨ ਕੀਤੇ ਉੱਥੇ ਗੁਰਦੁਆਰਾ ਦਮਦਮਾ ਸਾਹਿਬ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਚਿੱਤਰ ਪ੍ਰਦਰਸ਼ਨੀ ਦੇਖੀ। ਅੱਜ ਸਵੇਰ ਸਮੇਂ ਤਖ਼ਤ ਸਾਹਿਬ ਵਿਖੇ ਮਾਘ ਮਹੀਨੇ ਦੀ ਸੰਗਰਾਂਦ ਦੇ ਭੋਗ ਪਾਏ ਅਤੇ ਤਖ਼ਤ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਤੇ ਕਾਰਜਕਾਰੀ ਜਥੇਦਾਰ ਭਾਈ ਜਗਤਾਰ ਸਿੰਘ ਨੇ ਅਰਦਾਸ ਕੀਤੀ। ਉਨ੍ਹਾਂ ਇਸ ਮੌਕੇ ਮਾਘੀ ਦੇ ਦਿਹਾੜੇ, ਚਾਲੀ ਮੁਕਤਿਆਂ ਅਤੇ ਦਮਦਮਾ ਸਾਹਿਬ ਦੇ ਇਤਿਹਾਸ ਬਾਰੇ ਸੰਗਤ ਨੂੰ ਚਾਨਣਾ ਪਾਇਆ। ਉਪਰੰਤ ਸਜਾਏ ਗਏ ਧਾਰਮਿਕ ਸਮਾਗਮਾਂ ਦੌਰਾਨ ਜਿੱਥੇ ਸਾਰਾ ਦਿਨ ਕਥਾ-ਕੀਰਤਨ ਰਾਹੀਂ ਸਿੱਖ ਵਿਦਵਾਨਾਂ ਅਤੇ ਰਾਗੀ ਜਥਿਆਂ ਨੇ ਸੰਗਤ ਨੂੰ ਨਿਹਾਲ ਕੀਤਾ, ਉੱਥੇ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਵਾਰਾਂ ਪੇਸ਼ ਕੀਤੀਆਂ। ਮੌਸਮ ਸਾਫ ਹੋਣ ਤੇ ਨਿੱਘੀ ਨਿੱਘੀ ਧੁੱਪ ਨਿੱਕਲਣ ਕਰਕੇ ਵੱਡੀ ਗਿਣਤੀ ਵਿੱਚ ਪੁੱਜੇ ਸ਼ਰਧਾਲੂਆਂ ਨੇ ਤਖ਼ਤ ਸਾਹਿਬ ਸਮੇਤ ਹੋਰਨਾਂ ਗੁਰਦੁਆਰਿਆਂ ਵਿੱੱਚ ਮੱਥਾ ਟੇਕਿਆ। ਮੇਲੇ ਵਿੱਚ ਸ਼ਰਧਾਵਾਨਾਂ ਵੱਲੋਂ ਚਾਹ, ਬਰੈੱਡ-ਪਕੌੜਿਆਂ, ਜਲੇਬੀਆਂ ਅਤੇ ਹੋਰ ਪਕਵਾਨਾਂ ਦੇ ਲੰਗਰ ਚਲਾਏ ਗਏ। ਗੁਰੂ ਕਾਸ਼ੀ ਸਾਹਿਤ ਸਭਾ ਅਤੇ ਕਵੀਸ਼ਰੀ ਵਿਕਾਸ ਮੰਚ ਤਲਵੰਡੀ ਸਾਬੋ ਵੱਲੋਂ ਕਵੀਸ਼ਰੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪਹੁੰਚੇ ਕਵੀਸ਼ਰੀ ਜਥਿਆਂ ਅਤੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਪਿੰਡ ਚੋਰਮਾਰ ਖੇੜਾ ਦੇ ਗੁਰਦੁਆਰਾ ਚੋਰਮਾਰ ਸਾਹਿਬ ਵਿੱਚ ਮਾਘੀ ਦਾ ਜੋੜ ਮੇਲਾ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਚੋਰਮਾਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਪਾਲ ਸਿੰਘ ਨੇ ਕਿਹਾ ਕਿ ਸਾਨੂੰ ਸਾਡੇ ਸ਼ਹੀਦਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਗੁਰੂ ਸਾਹਿਬਾਨ ਦੇ ਦੱਸੇ ਮਾਰਗ ’ਤੇ ਚੱਲਣਾ ਚਾਹੀਦਾ ਹੈ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਇਤਿਹਾਸਕ ਅਤੇ ਚਾਰ ਪਾਤਸ਼ਾਹੀਆਂ ਦੀ ਚਰਨ ਛੋਹ ਧਰਤੀ ਤਖਤੂਪੁਰਾ ਸਾਹਿਬ ਵਿਖੇ 40 ਮੁਕਤਿਆਂ ਦੀ ਸ਼ਹੀਦੀ ਨੂੰ ਸਮਰਪਿਤ ਚਾਰ ਰੋਜ਼ਾ ਜੋੜ ਮੇਲਾ ਸ਼ੁਰੂ ਹੋ ਗਿਆ। ਅੱਜ ਵੱਡੇ ਤੜਕੇ ਹੀ ਸੰਗਤ ਇਸ਼ਨਾਨ ਕਰਨ ਲਈ ਪੁੱਜਣੀ ਸ਼ੁਰੂ ਹੋ ਗਈ ਸੀ। ਸੰਗਤ ਨੇ ਇਸ਼ਨਾਨ ਕਰਕੇ ਕੀਰਤਨ ਕਥਾ ਨੂੰ ਵੀ ਸਰਵਣ ਕੀਤਾ। ਮੇਲੀਆਂ ਨੇ ਮੇਲੇ ਦਾ ਅਨੰਦ ਮਾਣਿਆ। ਮਾਲਵੇ ਦੇ ਮਸ਼ਹੂਰ ਮੇਲੇ ਵਿੱਚ ਵਿਦੇਸ਼ ਨੂੰ ਗਏ ਪੰਜਾਬੀ ਵੀ, ਮੇਲਾ ਵੇਖਣ ਆਏ ਹੋਏ ਸਨ। ਸਾਬਕਾ ਸਰਪੰਚ ਗੁਰਮੇਲ ਸਿੰਘ, ਗਗਨਦੀਪ ਤਖਤੂਪੁਰਾ ਅਤੇ ਸਾਦਿਕ ਤਖਤੂਪੁਰਾ ਨੇ ਦੱਸਿਆ ਕਿ ਪੁਰਾਣੇ ਸਮੇਂ ਵਿੱਚ ਰਿਸ਼ਤੇਦਾਰ ਤੇ ਉਨ੍ਹਾਂ ਦੇ ਮਿੱਤਰ ਘਰਾਂ ਵਿੱਚ ਆਕੇ ਚਾਰ ਪੰਜ ਦਿਨ ਰਹਿੰਦੇ ਹਰੇਕ ਘਰ ਦਸ ਤੋਂ ਵੀਹ ਪ੍ਰਾਹੁਣੇ ਆਏ ਹੁੰਦੇ। ਨਿਹਾਲ ਸਿੰਘ ਵਾਲਾ ਦੇ ਹੀ ਪਿੰਡ ਦੀਨਾ ਦੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਜ਼ਫਰਨਾਮਾ ਸਾਹਿਬ ਦੀਨਾ ਵਿਖੇ ਵੀ ਹਰ ਸਾਲ ਦੀ ਤਰ੍ਹਾਂ ਮਾਘੀ ਮੇਲਾ ਭਰਿਆ। ਇਸ ਮੇਲੇ ਵਿੱਚ ਜੀ ਸੰਗਤਾਂ ਨੇ ਪੁੱਜ ਕੇ ਗੁਰੂ ਘਰ ਦੇ ਦਰਸ਼ਨ ਦੀਦਾਰੇ ਤੇ ਇਸ਼ਨਾਨ ਕੀਤਾ।