ਢਾਬੀ ਗੁੱਜਰਾਂ ਮੋਰਚੇ ’ਤੇ ਮਹਾਪੰਚਾਇਤ ਦੀਆਂ ਤਿਆਰੀਆਂ ਮੁਕੰਮਲ
ਪਾਤੜਾਂ, 3 ਜਨਵਰੀ
ਦਿੱਲੀ ਅੰਦੋਲਨ ਦੌਰਾਨ ਕੇਂਦਰ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਲਾਗੂ ਕਰਵਾਉਣ ਲਈ ਢਾਬੀ ਗੁੱਜਰਾਂ (ਖਨੌਰੀ) ਬਾਰਡਰ ’ਤੇ 11 ਮਹੀਨਿਆਂ ਤੋਂ ਚੱਲਦੇ ਕਿਸਾਨ ਅੰਦੋਲਨ ਦੀ ਸਫ਼ਲਤਾ ਅਤੇ ਕੇਂਦਰ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕਰਨ ਵਾਸਤੇ ਪ੍ਰਬੰਧਕਾਂ ਵੱਲੋਂ ਸੰਘਰਸ਼ ਨੂੰ ਤੇਜ਼ ਕਰਨ ਲਈ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਇੱਥੇ ਕੱਲ੍ਹ ਨੂੰ ਕਿਸਾਨ ਮਹਾਪੰਚਾਇਤ ਹੋਵੇਗੀ। ਇੱਥੇ ਦੋ ਦਿਨਾਂ ਤੋਂ ਵੱਖ-ਵੱਖ ਰਾਜਾਂ ਤੋਂ ਆ ਰਹੇ ਕਿਸਾਨਾਂ ਦੇ ਰਹਿਣ ਲਈ ਪੱਕੇ ਸ਼ੈੱਡ ਅਤੇ ਲੰਗਰਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਢਾਬੀ ਗੁੱਜਰਾਂ (ਖਨੌਰੀ) ਬਾਰਡਰ ’ਤੇ ਦੁਗਾਲ, ਦੁਤਾਲ, ਨਿਆਲ, ਬੁਰੜ, ਹਰੀਗੜ੍ਹ, ਸੁਧਾਰਨਪੁਰ ਆਦਿ ਪਿੰਡਾਂ ਦੇ ਜਵਾਨਾਂ ਵੱਲੋਂ ਪੱਕੇ ਸ਼ੈੱਡ ਤਿਆਰ ਕੀਤੇ ਜਾ ਰਹੇ ਹਨ ਤਾਂ ਕਿ ਵੱਖ-ਵੱਖ ਰਾਜਾਂ ਤੋਂ ਆਉਣ ਵਾਲੇ ਕਿਸਾਨਾਂ ਨੂੰ ਰਹਿਣ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਮੋਰਚੇ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਵਿੱਚ ਕਿਸਾਨਾਂ ਦੇ ਇਸ਼ਨਾਨ ਲਈ ਗਰਮ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਨਵਾਂ ਗਾਉਂ, ਹੋਤੀਪੁਰ, ਗੁਲਾੜ੍ਹ, ਦਾਤਾ ਸਿੰਘ ਵਾਲਾ, ਢਾਬੀ ਗੁੱਜਰਾਂ ਆਦਿ ਪਿੰਡਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਾਰ ਸੇਵਾ ਵਾਲੇ ਬਾਬਿਆਂ, ਗੁਰਦੁਆਰਾ ਸਾਹਿਬ ਖਨੌਰੀ ਤੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵੱਲੋਂ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕਿਸਾਨ ਮਹਾਪੰਚਾਇਤ ਦੇ ਵੱਡੇ ਇਕੱਠ ਨੂੰ ਧਿਆਨ ਵਿੱਚ ਰੱਖਦਿਆਂ ਭਾਰੀ ਮਾਤਰਾ ਵਿੱਚ ਰਾਸ਼ਨ ਖ਼ਰੀਦਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਪਹਿਲਾਂ ਹੀ ਉਕਤ ਬਾਰਡਰ ’ਤੇ ਲੰਗਰ ਛਕਦੇ ਹਨ। ਇਸੇ ਦੌਰਾਨ ਕਿਸਾਨੀ ਸੰਘਰਸ਼ ਦੀ ਹਮਾਇਤ ਲਈ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਵੱਲੋਂ 25 ਦਿਨਾਂ ਤੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਉਕਤ ਜਥੇਬੰਦੀ ਨੇ ਕਿਸਾਨ ਪੰਚਾਇਤ ਵਿੱਚ ਕਿਸਾਨਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਲੰਗਰ ਦੀ ਵਿਵਸਥਾ ਦੇ ਪ੍ਰਬੰਧਾਂ ਵਿੱਚ ਵਿਸਥਾਰ ਕੀਤਾ ਹੈ। ਅੰਦੋਲਨ ਪ੍ਰਬੰਧਕਾਂ ਵੱਲੋਂ ਕਿਸਾਨਾਂ ਦੇ ਬੈਠਣ ਲਈ ਪੰਡਾਲ ਨੂੰ ਵਿਸ਼ਾਲ ਕੀਤਾ ਗਿਆ ਹੈ। ਜਿੱਥੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇਸ਼ ਭਰ ਦੇ ਕਿਸਾਨਾਂ ਦੇ ਦਰਸ਼ਨ ਕਰਕੇ ਆਪਣਾ ਸੰਦੇਸ਼ ਵੀ ਦੇਣਗੇ।