ਢਾਬੀ ਗੁੱਜਰਾਂ ਬਾਰਡਰ ਮੋਰਚੇ ’ਤੇ ਪੱਕਾ ਪੰਡਾਲ ਤਿਆਰ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 24 ਦਸੰਬਰ
ਢਾਬੀ ਗੁੱਜਰਾਂ ਬਾਰਡਰ ਮੋਰਚੇ ’ਤੇ ਕੱਲ੍ਹ ਮੀਂਹ ਅਤੇ ਤੇਜ਼ ਹਵਾਵਾਂ ਨੇ ਕੁਝ ਕਿਸਾਨਾਂ ਦੇ ਰਹਿਣ ਬਸੇਰੇ, ਟਰਾਲੀਆਂ ਅਤੇ ਝੌਪੜੀਆਂ ਦੀਆਂ ਤਰਪਾਲਾਂ ਉਡਾ ਦਿੱਤੀਆਂ ਅਤੇ ਬਾਲਣ ਵੀ ਗਿੱਲਾ ਹੋ ਗਿਆ। ਬਾਲਣ ਗਿੱਲਾ ਹੋਣ ਦੇ ਬਾਵਜੂਦ ਨੌਜਵਾਨ ਪਹਿਰੇ ’ਤੇ ਡਟੇ ਰਹੇ। ਕਿਸਾਨ ਆਗੂਆਂ ਨੂੰ ਖ਼ਦਸ਼ਾ ਸੀ ਕਿ ਸਰਕਾਰ ਇਨ੍ਹਾਂ ਹਾਲਾਤਾਂ ਦਾ ਫਾਇਦਾ ਉਠਾ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕ ਸਕਦੀ ਹੈ। ਇਨ੍ਹਾਂ ਖਦਸ਼ਿਆਂ ਦੇ ਚੱਲਦਿਆਂ ਪ੍ਰਬੰਧਕਾਂ ਨੇ ਨੌਜਵਾਨਾਂ ਨੂੰ ਸੁਰੱਖਿਆ ਪ੍ਰਬੰਧਾਂ ਵਿੱਚ ਬਿਲਕੁਲ ਵੀ ਕੁਤਾਈ ਨਾ ਕਰਨ ਦੀ ਹਦਾਇਤ ਕੀਤੀ। ਕੁਝ ਨੌਜਵਾਨਾਂ ਰਾਤ ਨੂੰ ਮਿਸਤਰੀ ਦਾ ਪ੍ਰਬੰਧ ਕਰਕੇ ਨਵੀਂ ਸਟੇਜ ਤਿਆਰ ਕਰਵਾਉਣ ’ਚ ਜੁਟ ਗਏ ਹੁਣ ਨੌਜਵਾਨਾਂ ਦੀ ਮਿਹਨਤ ਸਦਕਾ ਮਜ਼ਬੂਤ ਪੰਡਾਲ ਕਿਸਾਨਾਂ ਨੂੰ ਮਿਲਿਆ ਹੈ। ਕਾਕਾ ਸਿੰਘ ਕੋਟਲਾ ਨੇ ਕਿਹਾ ਕਿ ਕਿਸਾਨ ਹਰ ਤਰ੍ਹਾਂ ਦੀ ਆਫਤ ਦਾ ਸਾਹਮਣਾ ਕਰਨ ਦੀ ਸਮਰੱਥਾ ਰੱਖਦੇ ਹਨ ਕੁਦਰਤ ਵੀ ਬਹਾਦਰ ਅਤੇ ਮਿਹਨਤੀ ਲੋਕਾਂ ਦਾ ਸਾਥ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦਿੱਲੀ ਸਰਕਾਰ ਦੀ ਨੀਂਦ ਹਰਾਮ ਕਰ ਕੇ ਰੱਖ ਦਿੱਤੀ ਹੈ। ਕੇਂਦਰ ਨੂੰ ਤਿੰਨ ਕਾਨੂੰਨਾਂ ਵਾਂਗ ਛੇਤੀ ਹੀ ਐੱਮਐੱਸਪੀ ਕਾਨੂੰਨ ਦਾ ਐਲਾਨ ਕਰਨ ਲਈ ਮਜਬੂਰ ਹੋਣਾ ਪਵੇਗਾ। ਕਿਸਾਨ ਆਗੂ ਲਖਵਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਢਾਬੀ ਗੁੱਜਰਾਂ ਬਾਰਡਰ ’ਤੇ ਪੈਟਰੋਲ ਪੰਪ ਦੇ ਨੇੜੇ ਕੁਝ ਸ਼ੱਕੀ ਆਦਮੀ ਦੇਖੇ ਗਏ ਸਨ ਜਦੋਂ ਕਿਸਾਨ ਉਨ੍ਹਾਂ ਵੱਲ ਵਧੇ ਤਾਂ ਉਹ ਭੱਜਣ ਵਿੱਚ ਸਫਲ ਹੋ ਗਏ। ਉਨ੍ਹਾਂ ਕਿਹਾ ਕਿ ਸਰਕਾਰ ਮੋਰਚੇ ਵਿੱਚ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਜਿਨ੍ਹਾਂ ਨੂੰ ਮੁਸਤੈਦੀ ਨਾਲ ਪਹਿਰਾ ਦੇ ਰਹੇ ਕਿਸਾਨ ਸਫਲ ਨਹੀਂ ਹੋਣ ਦੇਣਗੇ। ਇਸ ਦੌਰਾਨ ਹੱਡ ਚੀਰਵੀਂ ਠੰਢ ਵਿੱਚ ਕਿਸਾਨ ਆਗੂ ਡੱਲੇਵਾਲ ਦੇ ਪਿਆਰ ਸਤਿਕਾਰ ਨੂੰ ਲੋਚਦਾ ਇਕ ਵਿਅਕਤੀ ਬੁਨੈਣ ਵਿੱਚ ਫਤਿਹਗੜ੍ਹ ਸਾਹਿਬ ਤੋਂ ਮੋਟਰਸਾਈਕਲ ’ਤੇ ਢਾਬੀ ਗੁੱਜਰਾਂ ਬਾਰਡਰ ’ਤੇ ਪਹੁੰਚਿਆ। ਉਸ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਉਹ ਪਹਿਲਾਂ ਦਿੱਲੀ ਕਿਸਾਨ ਮੋਰਚੇ ਵਿੱਚ ਵੀ ਇਸੇ ਤਰ੍ਹਾਂ ਮੋਟਰਸਾਈਕਲ ਚਲਾ ਕੇ ਗਿਆ ਸੀ ਹੁਣ ਉਹ ਇਥੇ ਆਇਆ ਹੈ।