ਡੱਲੇਵਾਲ ਜਲੰਧਰ ਛਾਉਣੀ ਦੇ ਪੀਡਬਲਿਊਡੀ ਰੈਸਟ ਹਾਊਸ ’ਚ ਨਜ਼ਰਬੰਦ
ਹਤਿੰਦਰ ਮਹਿਤਾ
ਜਲੰਧਰ, 20 ਮਾਰਚ
ਮੁਹਾਲੀ ਤੋਂ ਹਿਰਾਸਤ ’ਚ ਲਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹੁਣ ਜਲੰਧਰ ਛਾਉਣੀ ਦੇ ਪੀਡਬਲਿਊਡੀ ਰੈਸਟ ਹਾਊਸ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਉਨ੍ਹਾਂ ਨੂੰ ਵੀਰਵਾਰ ਤੜਕੇ ਇੱਥੇ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪਿਮਸ) ਲਿਆਂਦਾ ਗਿਆ। ਇਸ ਤੋਂ ਪਹਿਲਾਂ ਪੁਲੀਸ ਉਨ੍ਹਾਂ ਨੂੰ ਪਟਿਆਲਾ ਦੇ ਕਮਾਂਡੋ ਟ੍ਰੇਨਿੰਗ ਸੈਂਟਰ ਲੈ ਕੇ ਗਈ ਸੀ, ਜਿੱਥੋਂ ਉਨ੍ਹਾਂ ਨੂੰ ਰਾਤ 1:30 ਵਜੇ ਦੇ ਕਰੀਬ ਪਿਮਸ ਲਿਆਂਦਾ ਗਿਆ। ਉਨ੍ਹਾਂ ਪਿਮਸ ਵਿੱਚ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੱਤਾ, ਜਿੱਥੇ ਉਨ੍ਹਾਂ ਦੇਖਭਾਲ ਲਈ ਪੰਜ ਸੀਨੀਅਰ ਡਾਕਟਰਾਂ ਦਾ ਇੱਕ ਪੈਨਲ ਵੀ ਬਣਾਇਆ ਗਿਆ ਸੀ। ਪਿਮਸ ’ਚ ਦਾਖ਼ਲ ਹੋਣ ਤੋਂ ਇਨਕਾਰ ਕਰਨ ’ਤੇ ਉਨ੍ਹਾਂ ਨੂੰ ਪਿਮਸ ਕੰਪਲੈਕਸ ਦੇ ਅੰਦਰ ਇਕ ਐਂਬੂਲੈਂਸ ਵਿੱਚ ਹੀ ਰੱਖਿਆ ਗਿਆ। ਸਾਰੀ ਰਾਤ ਐਂਬੂਲੈਂਸ ਦੁਆਲੇ ਸੁਰੱਖਿਆ ਸਖ਼ਤ ਰਹੀ। ਉਹ ਸਵੇਰੇ ਲਗਪਗ 8:15 ਵਜੇ ਤੱਕ ਪਿਮਸ ਵਿੱਚ ਰਹੇ। ਹੁਣ ਪੀਡਬਲਿਊਡੀ ਦੇ ਰੈਸਟ ਹਾਊਸ ਵਿੱਚ ਉਨ੍ਹਾਂ ਨੂੰ ਸੂਟ ਨੰਬਰ-2 ਅਲਾਟ ਕੀਤਾ ਗਿਆ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਜਾਂਚ ਲਈ ਰੈਸਟ ਹਾਊਸ ਗਈ। ਉਨ੍ਹਾਂ ਦੇ ਰੈਸਟ ਹਾਊਸ ’ਚ ਤਬਦੀਲ ਹੋਣ ਦੀ ਖ਼ਬਰ ਦੇ ਨਾਲ ਹੀ ਬੀਕੇਯੂ ਸਿੱਧੂਪੁਰ ਯੂਨੀਅਨ ਦੇ ਕਿਸਾਨ ਉਥੇ ਇਕੱਤਰ ਹੋ ਗਏ ਤੇ ਉਨ੍ਹਾਂ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਹੁਣ ਪੁਲੀਸ ਵੱਲੋਂ ਆਈਡੀ ਕਾਰਡ ਦੀ ਜਾਂਚ ਤੋਂ ਬਾਅਦ ਹੀ ਡਿਫੈਂਸ ਕਲੋਨੀ ਦੇ ਨੇੜੇ ਤੋਂ ਛਾਉਣੀ ਵਾਲੇ ਪਾਸੇ ਜਾਣ ਦੀ ਆਗਿਆ ਦਿੱਤੀ ਗਈ ਹੈ। ਕਿਸਾਨਾਂ ਨੇ ਬੈਰੀਕੇਡਾਂ ਨੂੰ ਪਾਰ ਕਰਨ ਅਤੇ ਡੱਲੇਵਾਲ ਤੱਕ ਪਹੁੰਚਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ।