ਡੱਡੂਮਾਜਰਾ ’ਚ ਪੁੱਟੇ ਟੋਏ ਲੋਕਾਂ ਲਈ ਖ਼ਤਰਾ ਬਣੇ: ਕੁਲਦੀਪ ਕੁਮਾਰ
ਮੁਕੇਸ਼ ਕੁਮਾਰ
ਚੰਡੀਗੜ੍ਹ, 29 ਨਵੰਬਰ
ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਆਪਣੇ ਵਾਰਡ ਅਧੀਨ ਪੈਂਦੇ ਡੱਡੂਮਾਜਰਾ ਦੇ ਵਾਸੀਆਂ ਦੀਆਂ ਸੀਵਰੇਜ ਸਣੇ ਟੁੱਟੀਆਂ ਸੜਕਾਂ ਅਤੇ ਹੋਰ ਸਮੱਸਿਆਵਾਂ ਸਬੰਧੀ ਸ਼ਿਕਾਇਤਾਂ ਨੂੰ ਮੁੱਖ ਰੱਖਦੇ ਹੋਏ ਸ਼ੁੱਕਰਵਾਰ ਨੂੰ ਪਿੰਡ ਦਾ ਦੌਰਾ ਕੀਤਾ।
ਨਗਰ ਨਿਗਮ ਦੇ ਅਧਿਕਾਰੀਆਂ ਨਾਲ ਇੱਥੇ ਪੁੱਜੇ ਮੇਅਰ ਕੁਲਦੀਪ ਕੁਮਾਰ ਨੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਲਾਕਾ ਵਾਸੀਆਂ ਦੀਆਂ ਹੋਰ ਸਮੱਸਿਆਵਾਂ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਨਾਲ ਨਗਰ ਨਿਗਮ ਦੇ ਜਨ ਸਿਹਤ ਅਤੇ ਬਾਗ਼ਬਾਨੀ ਵਿੰਗ ਦੇ ਅਧਿਕਾਰੀ ਵੀ ਮੌਜੂਦ ਸਨ। ਇਲਾਕੇ ਵਿੱਚ ਬੁਨਿਆਦੀ ਸਹੂਲਤਾਂ ਸਬੰਧੀ ਮੇਅਰ ਨੇ ਤੁਰੰਤ ਨੋਟਿਸ ਲੈਂਦਿਆਂ ਮੌਕੇ ’ਤੇ ਹਾਜ਼ਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਿੱਕਤਾਂ ਦੇ ਹੱਲ ਲਈ ਤੁਰੰਤ ਠੋਸ ਕਾਰਵਾਈ ਕੀਤੀ ਜਾਵੇ। ਇਲਾਕਾ ਵਾਸੀਆਂ ਨੇ ਮੇਅਰ ਨੂੰ ਡੱਡੂਮਾਜਰਾ ਵਿੱਚ ਸੀਵਰੇਜ ਜਾਮ, ਥਾਂ-ਥਾਂ ’ਤੇ ਪੁੱਟੇ ਟੋਇਆਂ ਬਾਰੇ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਨਿਗਮ ਪ੍ਰਸ਼ਾਸਨ ਦੀ ਕਥਿਤ ਲਾਪਰਵਾਹੀ ਕਾਰਨ ਇੱਥੋਂ ਦੇ ਲੋਕਾਂ ਲਈ ਇਹ ਖੁੱਲ੍ਹੇ ਟੋਏ ਖ਼ਤਰਾ ਬਣੇ ਹੋਏ ਹਨ। ਇਸ ਤੋਂ ਇਲਾਵਾ ਲੋਕਾਂ ਨੇ ਇਲਾਕੇ ਦੀਆਂ ਹੋਰ ਸਮੱਸਿਆਵਾਂ ਬਾਰੇ ਵੀ ਮੇਅਰ ਨਾਲ ਚਰਚਾ ਕੀਤੀ ਤੇ ਸਮੱਸਿਆਵਾਂ ਦੇ ਛੇਤੀ ਹੱਲ ਕਰਵਾਉਣ ਦੀ ਅਪੀਲ ਕੀਤੀ।
ਮੇਅਰ ਕੁਲਦੀਪ ਕੁਮਾਰ ਨੇ ਮੌਕੇ ’ਤੇ ਹਾਜ਼ਰ ਨਿਗਮ ਦੇ ਪਬਲਿਕ ਹੈਲਥ ਵਿੰਗ ਦੇ ਸਬੰਧਤ ਇੰਜਨੀਅਰਾਂ ਨੂੰ ਹਦਾਇਤ ਕੀਤੀ ਕਿ ਸੀਵਰੇਜ ਸਿਸਟਮ ਨੂੰ ਜਲਦੀ ਤੋਂ ਜਲਦੀ ਅਪਗ੍ਰੇਡ ਕੀਤਾ ਜਾਵੇ। ਉਨ੍ਹਾਂ ਸਬੰਧਤ ਇੰਜਨੀਅਰਾਂ ਨੂੰ ਇੱਥੇ ਸੀਵਰੇਜ ਵਿੱਚ ਅਕਸਰ ਆਉਣ ਵਾਲੀ ਜਾਮ ਹੋਣ ਦੀ ਸਮੱਸਿਆ ਦੇ ਹੱਲ ਲਈ ਇੱਥੇ ਲੋੜੀਂਦੀ ਮਸ਼ੀਨਰੀ ਦੀ ਵਰਤੋਂ ਕਰਨ ਦੇ ਵੀ ਨਿਰਦੇਸ਼ ਦਿੱਤੇ।