ਸਤਵਿੰਦਰ ਬਸਰਾਲੁਧਿਆਣਾ, 29 ਦਸੰਬਰਸੂਬਾ ਸਰਕਾਰ ਵੱਲੋਂ ਬੁੱਢੇ ਦਰਿਆ ਨੂੰ ਸਾਫ਼ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਬੁੱਢੇ ਦਰਿਆ ਅਤੇ 225 ਐੱਮ.ਐੱਲ.ਡੀ. ਜਮਾਲਪੁਰ ਐੱਸ.ਟੀ.ਪੀ (ਤਾਜਪੁਰ ਰੋਡ) ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਦਲਜੀਤ ਸਿੰਘ ਭੋਲਾ ਗਰੇਵਾਲ, ਮਦਨ ਲਾਲ ਬੱਗਾ, ਗੁਰਪ੍ਰੀਤ ਬੱਸੀ ਗੋਗੀ, ਅਸ਼ੋਕ ਪਰਾਸ਼ਰ ਪੱਪੀ (ਸਾਰੇ ਵਿਧਾਂਇਕ), ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ; ਡਾਇਰੈਕਟਰ, ਸਥਾਨਕ ਸਰਕਾਰਾਂ ਵਿਭਾਗ ਗੁਰਪ੍ਰੀਤ ਸਿੰਘ ਖਹਿਰਾ, ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।ਬੁੱਢਾ ਦਰਿਆ ਵਿੱਚ ਸੁੱਟੇ ਜਾ ਰਹੇ ਗੋਹੇ ਦੀ ਸਮੱਸਿਆ ਨਾਲ ਨਜਿੱਠਣ ਲਈ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਅਤੇ ਰਾਜ ਸਭਾ ਮੈਂਬਰ ਸੀਚੇਵਾਲ ਨੇ ਪੇਡਾ ਅਧਿਕਾਰੀਆਂ ਨੂੰ ਗਊਆਂ ਦੇ ਢੁਕਵੇਂ ਨਿਪਟਾਰੇ ਲਈ ਹੈਬੋਵਾਲ ਅਤੇ ਤਾਜਪੁਰ ਰੋਡ ਡੇਅਰੀ ਕੰਪਲੈਕਸਾਂ ਵਿੱਚ ਬਾਇਓ ਗੈਸ ਪਲਾਂਟ ਸਥਾਪਤ ਕਰਨ ਦੇ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਹੈਬੋਵਾਲ ਡੇਅਰੀ ਕੰਪਲੈਕਸ ਵਿੱਚ ਇੱਕ ਬਾਇਓਗੈਸ ਪਲਾਂਟ ਪਹਿਲਾਂ ਹੀ ਚੱਲ ਰਿਹਾ ਹੈ ਅਤੇ ਇੱਕ ਵਾਧੂ ਪਲਾਂਟ ਹੈਬੋਵਾਲ ਡੇਅਰੀ ਕੰਪਲੈਕਸ ਵਿੱਚ ਸਥਾਪਿਤ ਕੀਤਾ ਜਾਣਾ ਹੈ ਜਿੱਥੇ ਗੋਹੇ ਦੀ ਵਰਤੋਂ ਬਾਇਓ ਗੈਸ ਪੈਦਾ ਕਰਨ ਲਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਡੇਅਰੀ ਕੰਪਲੈਕਸਾਂ ਤੋਂ ਗੋਹਾ ਨੂੰ ਚੁੱਕਣ ਲਈ ਪ੍ਰਾਈਵੇਟ ਕੰਪਨੀਆਂ ਨੂੰ ਨਿਯੁਕਤ ਕਰਨ ਅਤੇ ਪੇਡਾ ਦੁਆਰਾ ਬਾਇਓਗੈਸ ਪਲਾਂਟਾਂ ਨੂੰ ਚਾਲੂ ਕਰਨ ਤੱਕ ਨਿਰਧਾਰਤ ਕੀਤੇ ਪੁਆਇੰਟਾਂ ’ਤੇ ਡੰਪ ਕਰਨ ਦੀ ਹਦਾਇਤ ਕੀਤੀ। ਇਸ ਲਈ ਠੇਕੇਦਾਰਾਂ ਨੂੰ ਨਿਯੁਕਤ ਕਰਨ ਲਈ ਟੈਂਡਰ ਜਾਰੀ ਕੀਤੇ ਜਾਣਗੇ।ਡਾ. ਰਵਜੋਤ ਅਤੇ ਸੰਤ ਸੀਚੇਵਾਲ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ (ਪੀ.ਪੀ.ਸੀ.ਬੀ) ਦੇ ਅਧਿਕਾਰੀਆਂ ਨੂੰ ਡਾਇੰਗ ਇੰਡਸਟਰੀ ਸੀ.ਈ.ਟੀ.ਪੀਜ਼ ਅਤੇ ਨਗਰ ਨਿਗਮ ਦੇ ਐਸ.ਟੀ.ਪੀਜ਼ ਦੇ ਕੰਮਕਾਜ ਦੀ ਨਿਯਮਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਸੰਸਦ ਮੈਂਬਰ ਸੰਤ ਸੀਚੇਵਾਲ ਨੇ ਕਿਹਾ ਕਿ ਉਹ ਉਦਯੋਗ ਜਾਂ ਕਿਸੇ ਹੋਰ ਖੇਤਰ ਦੇ ਵਿਰੁੱਧ ਨਹੀਂ ਹਨ ਪਰ ਕਿਸੇ ਨੂੰ ਵੀ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸੰਸਦ ਮੈਂਬਰ ਸੀਚੇਵਾਲ ਨੇ ‘ਕਾਰ ਸੇਵਾ’ ਲਈ ਬੁੱਢਾ ਦਰਿਆ ਵਾਲੀ ਥਾਂ ’ਤੇ ਹੀ ਆਪਣਾ ਟੈਂਟ ਲਗਾ ਲਿਆ ਹੈ। ਸੰਸਦ ਮੈਂਬਰ ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲੇ ਬੁੱਢੇ ਦਰਿਆ ਦੀ ਸਫ਼ਾਈ ਲਈ ਸ਼ੁਰੂ ਕੀਤੀ ਗਈ ਇਸ ਲਹਿਰ ਦਾ ਹਿੱਸਾ ਬਣਨ ਲਈ ਅੱਗੇ ਆਉਣ।