‘ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ’ ਵੱਲੋਂ ਸਮਾਗਮ
ਦੋਰਾਹਾ, 2 ਜਨਵਰੀ
ਇਥੋਂ ਦੇ ‘ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ’ ਵੱਲੋਂ ਹੈਵਨਲੀ ਪੈਲੇਸ ਦੋਰਾਹਾ ਵਿੱਚ ਨਵੇਂ ਸਾਲ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਬਜ਼ੁਰਗਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਦੇ ਨਾਲ ਹੀ ਹੈਵਨਲੀ ਪੈਲੇਸ ਵਿੱਚ ਰਹਿ ਰਹੇ ਬਜ਼ੁਰਗਾਂ, ਹੈਵਨਲੀ ਏਂਜਲਜ਼ ਦੇ ਬੱਚਿਆਂ ਤੇ ਮੁਲਾਜ਼ਮਾਂ ਦਾ ਸਾਂਝੇ ਤੌਰ ’ਤੇ ਜਨਮ ਦਿਨ ਧੂਮ ਧਾਮ ਨਾਲ ਮਨਾਇਆ ਗਿਆ। ਸਮਾਗਮ ਮੌਕੇ ਸਿਵਲ ਸਰਜਨ ਲੁਧਿਆਣਾ ਡਾ. ਪ੍ਰਦੀਪ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਟਰੱਸਟ ਮੈਂਬਰ ਡਾ. ਐੱਸਐੱਸ ਜੋਹਲ, ਅੰਮ੍ਰਿਤ ਭਾਂਬਰੀ, ਮਾਸਟਰ ਮਹਿੰਦਰਪਾਲ ਤੇ ਜੀਐੱਮ ਬ੍ਰਿਗੇਡੀਅਰ ਰਾਜੀਵ ਸ਼ਰਮਾ ਨੇ ਦੱਸਿਆ ਕਿ ਅਮਰੀਕਾ ਦੇ ਸਫ਼ਲ ਭਾਰਤੀ ਕਾਰੋਬਾਰੀ ਅਨਿਲ ਮੋਂਗਾ ਵੱਲੋਂ ਸਥਾਪਤ ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਅਧੀਨ ਆਉਂਦੇ ਹੈਵਨਲੀ ਪੈਲੇਸ ਦਾ ਮੰਤਵ ਸਮਾਜ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਦੋਰਾਹਾ ਨਹਿਰ ਦੇ ਕੰਢੇ 14 ਏਕੜ ਵਿੱਚ ਬਣੇ ਇਸ ਸੀਨੀਅਰ ਸਿਟੀਜਨ ਹੋਮ ਵਿੱਚ ਬਜ਼ੁਰਗਾਂ ਲਈ ਕਈ ਸਹੂਲਤਾਂ ਮੌਜੂਦ ਹਨ। ਇਸ ਦੇ ਨਾਲ ਹੀ ਹੈਵਨਲੀ ਏਂਜਲਜ਼ ਵਿੱਚ ਅਨਾਥ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਦੇ ਨਾਲ-ਨਾਲ ਪਹਿਲੇ ਦਰਜੇ ਦੀਆਂ ਸੁੱਖ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ।
ਇਸ ਮੌਕੇ ਸ਼੍ਰੀਮਤੀ ਸੰਦੀਪ, ਸੁਮਨ ਤੇ ਸੁਧਾ ਚੱਡਾ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ, ਮਹਿਕ ਗਰੁੱਪ ਦੇ ਨਾਚ, ਅਰੁਨਿਮਾ ਮਾਥੁਰ, ਸ਼ੋਭਾ ਰਜਨੀ ਦੇ ਨਾਚ, ਅਨੀਤਾ, ਅੰਜਨਾ ਜੈਨ, ਅਰਚਨਾ, ਸੁਧਾ ਤੇ ਜਸਪਾਲ ਦੇ ਸਮੂਹ ਗੀਤ, ਤਿਲਕ ਰਾਜ ਵੋਹਰਾ ਦੇ ਗੀਤ, ਦੀਪਿਕਾ ਰਾਏ ਦੇ ਗੀਤ, ਗੋਪਾਲ ਕ੍ਰਿਸ਼ਨ ਮਿੱਤਲ ਦੇ ਗੀਤ ਤੇ ਮਿਸਟਰ ਮੁਕੇਸ਼ ਆਨੰਦ ਦੇ ਰੈਂਪ ਵਾਕ ਨੇ ਪ੍ਰੋਗਰਾਮ ’ਚ ਰੰਗ ਬੰਨ੍ਹਿਆ।