ਡਰਾਈਵਰ ਨੂੰ ਬੰਦੀ ਬਣਾ ਕੇ ਟਰੱਕ ਖੋਹਿਆ
ਇੱਥੇ ਅਣਪਛਾਤੇ ਵਿਅਕਤੀ ਇੱਕ ਟਰੱਕ ਡਰਾਈਵਰ ਨੂੰ ਬੰਦੀ ਬਣਾ ਕੇ ਟਰੱਕ ਖੋਹਕੇ ਲੈ ਗਏ ਅਤੇ ਡਰਾਈਵਰ ਦੀ ਕੁੱਟਮਾਰ ਕਰ ਕੇ ਉਸਨੂੰ ਬਾਹਰ ਸੁੱਟ ਕੇ ਫ਼ਰਾਰ ਹੋ ਗਏ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੂੰ ਪਾਲਮ ਗਾਰਡਨ ਸਾਹਨੇਵਾਲ ਵਾਸੀ ਹਰਗੁਨ ਕੁਮਾਰ ਨੇ ਦੱਸਿਆ ਕਿ ਉਸਦਾ ਡਰਾਇਵਰ ਮੰਗਲ ਸਿੰਘ ਰਾਤ ਨੂੰ ਆਪਣਾ ਟਰੱਕ ਹੀਰੋ ਸਟੀਲ ਲਿਮਟਿਡ ਫੈਕਟਰੀ ਦੇ ਮੇਨ ਗੇਟ ਸੂਆ ਰੋਡ ਪੈਟਰੋਲ ਪੰਪ ਦੇ ਸਾਹਮਣੇ ਖੜ੍ਹਾ ਕਰਕੇ ਟਰੱਕ ਦੇ ਅੰਦਰ ਹੀ ਸੌਂ ਗਿਆ ਸੀ। ਰਾਤ 10 ਵਜੇ ਦੇ ਕਰੀਬ ਇੱਕ ਅਣਪਛਾਤੇ ਵਿਅਕਤੀ ਨੇ ਆ ਕੇ ਉਸ ਪਾਸੋਂ ਤੰਬਾਕੂ ਦੀ ਮੰਗ ਕੀਤੀ। ਉਸਨੇ ਜਦੋਂ ਟਰੱਕ ਦੀ ਤਾਕੀ ਖੋਲ੍ਹੀ ਤਾਂ ਉਹ ਆਪਣੇ ਤਿੰਨ ਸਾਥੀਆਂ ਸਮੇਤ ਧੱਕੇ ਨਾਲ ਟਰੱਕ ਅੰਦਰ ਵੜ ਗਿਆ ਅਤੇ ਉਸਦੀ ਕੁੱਟਮਾਰ ਕਰਕੇ ਟਰੱਕ ਮਲੇਰਕੋਟਲਾ ਸਾਈਡ ਭਜਾ ਕੇ ਲੈ ਗਏ। ਉਨ੍ਹਾਂ ਡਰਾਈਵਰ ਦੀਆਂ ਲੱਤਾਂ-ਬਾਂਹਾਂ ਬੰਨ੍ਹ ਦਿੱਤੀਆਂ ਅਤੇ ਉਸ ਨੂੰ ਰਸਤੇ ਵਿੱਚ ਇੱਕ ਬੇਅਬਾਦ ਜਗ੍ਹਾ ’ਤੇ ਛੱਡਕੇ ਟਰੱਕ ਸਮੇਤ ਫ਼ਰਾਰ ਹੋ ਗਏ। ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।