ਟਿੱਪਰ ਨੇ ਮੋਟਰਸਾਈਕਲ ਸਵਾਰ ਨੂੰ ਦਰੜਿਆ; ਮੌਕੇ ’ਤੇ ਮੌਤ
ਐੱਨਪੀ ਧਵਨ
ਪਠਾਨਕੋਟ, 29 ਦਸੰਬਰ
ਇਥੇ ਪੰਗੋਲੀ ਚੌਕ ਕੋਲ ਬੀਤੀ ਰਾਤ ਇੱਕ ਤੇਜ਼ ਰਫਤਾਰ ਟਿੱਪਰ ਨੇ ਇੱਕ ਮੋਟਰਸਾਈਕਲ ਸਵਾਰ ਚਾਲਕ ਨੂੰ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਕਰਾਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਗੀਰ ਸਿੰਘ (42) ਵਜੋਂ ਹੋਈ ਹੈ। ਮੌਤ ਦੀ ਖਬਰ ਮਿਲਦਿਆਂ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਅਤੇ ਹੋਰ ਪਿੰਡ ਵਾਸੀ ਮੌਕੇ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ਖ਼ਿਲਾਫ ਨਾਅਰੇਬਾਜ਼ੀ ਕਰਦੇ ਹੋਏ ਸੜਕ ’ਤੇ ਧਰਨਾ ਲਾ ਕੇ ਸੜਕ ’ਤੇ ਆਵਾਜਾਈ ਠੱਪ ਕਰ ਦਿੱਤੀ। ਸੂਚਨਾ ਮਿਲਣ ’ਤੇ ਡੀਐੱਸਪੀ ਲਖਵਿੰਦਰ ਸਿੰਘ ਰੰਧਾਵਾ ਅਤੇ ਐੱਸਐੱਚਓ ਮਨਪ੍ਰੀਤ ਕੌਰ ਮੌਕੇ ’ਤੇ ਪੁੱਜੇ। ਉਨ੍ਹਾਂ ਵੱਲੋਂ ਟਿੱਪਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਪਿੰਡ ਵਾਸੀਆਂ ਨੇ ਜਾਮ ਖੋਲ੍ਹਿਆ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਇਸ ਸੜਕ ’ਤੇ ਰੋਜ਼ਾਨਾ ਰਿਵਰ ਬੈੱਡ ਮਟੀਰੀਅਲ ਲਿਆ ਰਹੇ ਤੇਜ਼ ਰਫਤਾਰ ਟਿੱਪਰਾਂ ਕਾਰਨ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ। ਡੇਢ ਮਹੀਨੇ ਵਿੱਚ ਹੀ ਹੁਣ ਤੱਕ ਦਾ ਇਹ ਚੌਥਾ ਸੜਕ ਹਾਦਸਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸੜਕ ’ਤੇ ਟਿੱਪਰਾਂ ਦੀ ਆਵਾਜਾਈ ਬੰਦ ਕੀਤੀ ਜਾਵੇ। ਮ੍ਰਿਤਕ ਦੇ ਭਰਾ ਪਿੰਡ ਅਖਵਾਨਾ ਦੇ ਵਾਸੀ ਮਦਨ ਲਾਲ ਨੇ ਦੱਸਿਆ ਕਿ ਉਸਦਾ ਦਾ ਭਰਾ ਜਗੀਰ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਇਸ ਦੁਰਘਟਨਾ ਨੂੰ ਅੰਜਾਮ ਦੇਣ ਵਾਲੇ ਡਰਾਈਵਰ ਅਤੇ ਟਿੱਪਰ ਮਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜਾਂਚ ਕਰਨ ਪੁੱਜੇ ਜਾਂਚ ਅਧਿਕਾਰੀ ਕੁਲਦੀਪ ਰਾਜ ਏਐਸਆਈ ਨੇ ਦੱਸਿਆ ਕਿ ਟਿੱਪਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਅੱਜ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।
ਪੁਲ ਹੇਠੋਂ ਨੌਜਵਾਨ ਦੀ ਲਾਸ਼ ਮਿਲੀ
ਪਠਾਨਕੋਟ (ਪੱਤਰ ਪ੍ਰੇਰਕ): ਇਥੇ ਖਾਨਪੁਰ ਚੌਕ ਤੋਂ ਪੰਗੋਲੀ ਚੌਕ ਨੂੰ ਜਾਂਦੇ ਰਸਤੇ ’ਤੇ ਸਥਿਤ ਮਨਵਾਲ ਖੱਡ ਪੁਲ ਦੇ ਥੱਲਿਓਂ ਇੱਕ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਸ਼ਨਾਖਤ ਸੰਜੀਵ ਕੁਮਾਰ (28) ਪੁੱਤਰ ਹਰਭਜਨ ਦਾਸ ਵਾਸੀ ਪਿੰਡ ਘੋਹ ਵੱਜੋਂ ਹੋਈ ਹੈ। ਸ਼ਾਹਪੁਰਕੰਡੀ ਦੀ ਥਾਣਾ ਮੁਖੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਪੁਲ ਦੇ ਥੱਲੇ ਕਿਸੇ ਨੌਜਵਾਨ ਦੀ ਲਾਸ਼ ਪਈ ਹੋਈ ਹੈ। ਸੂਚਨਾ ਮਿਲਦੇ ਸਾਰ ਹੀ ਪੁਲੀਸ ਟੀਮ ਮੌਕੇ ’ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਗਿਆ। ਪਛਾਣ ਹੋਣ ਮ੍ਰਿਤਕ ਨੌਜਵਾਨ ਦੇ ਮਾਪਿਆਂ ਨੂੰ ਵੀ ਬੁਲਾ ਲਿਆ ਗਿਆ ਹੈ। ਪੋਸਟਮਾਰਟਮ ਕਰਵਾਉਣ ਬਾਅਦ ਲਾਸ਼ ਮਾਪਿਆਂ ਨੂੰ ਸੌਂਪ ਦਿੱਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।