ਟਾਵਰ ’ਤੇ ਚੜ੍ਹਿਆ ਵਿਅਕਤੀ ਛੇ ਘੰਟੇ ਮਗਰੋਂ ਥੱਲੇ ਉਤਾਰਿਆ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 8 ਜਨਵਰੀ
ਇੱਥੇ ਅੱਜ ਇੱਕ ਵਿਅਕਤੀ ਇਨਸਾਫ਼ ਲਈ ਰੇਲਵੇ ਸਟੇਸ਼ਨ ਕੋਲ ਕਰੀਬ 50 ਫੁੱਟ ਉੱਚੇ ਰੇਲਵੇ ਵਿਭਾਗ ਦੇ ਮੋਬਾਈਲ ਟਾਵਰ ਉੱਪਰ ਚੜ੍ਹ ਗਿਆ। ਉਸ ਨੇ ਆਪਣੀ ਪਛਾਣ ਅਸ਼ਵਨੀ ਕੁਮਾਰ ਪੁੱਤਰ ਨਸ਼ੀਬ ਚੰਦ ਵਾਸੀ ਕ੍ਰਿਸ਼ਨਾ ਗਲੀ ਨੰਬਰ-1 ਧਾਰੀਵਾਲ ਵਜੋਂ ਦੱਸੀ ਹੈ। ਉਹ ਪੇਸ਼ੇ ਵਜੋਂ ਫੋਟੋਗ੍ਰਾਫਰ ਹੈ। ਰੇਲਵੇ ਪੁਲੀਸ ਚੌਕੀ ਧਾਰੀਵਾਲ ਦੇ ਇੰਚਾਰਜ ਏਐੱਸਆਈ ਗੁਰਪ੍ਰੀਤ ਸਿੰਘ ਨੇ ਉਸ ਨੂੰ ਹੇਠਾਂ ਉਤਰਨ ਲਈ ਕਿਹਾ ਕਿ ਪਰ ਉਹ ਮੰਨਿਆ ਨਹੀਂ। ਇਸ ਮਗਰੋਂ ਜਦੋਂ ਉਸ ਨੂੰ ਮੋਬਾਈਲ ’ਤੇ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਜਿੰਨੀ ਦੇਰ ਤੱਕ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਸੁਪਰੀਮ ਕੋਰਟ ਦਾ ਜੱਜ ਇੱਥੇ ਨਹੀਂ ਪਹੁੰਚਦਾ, ਉਹ ਟਾਵਰ ਤੋਂ ਹੇਠਾਂ ਨਹੀਂ ਉਤਰੇਗਾ। ਜੇ ਜਬਰੀ ਟਾਵਰ ਤੋਂ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਛਾਲ ਮਾਰ ਦੇਵੇਗਾ। ਉਸ ਨੇ ਦੋਸ਼ ਲਾਇਆ ਕਿ ਸ਼ਹਿਰ ਦੇ ਕੁਝ ਵਿਅਕਤੀਆਂ ਨੇ ਫ਼ਰਜ਼ੀ ਰਜਿਸਟਰੀ ਕਰਵਾ ਕੇ ਉਸ ਦੀ ਕੋਠੀ ’ਤੇ ਕਬਜ਼ਾ ਕੀਤਾ ਹੋਇਆ ਹੈ। ਉਹ ਮਜਬੂਰੀ ’ਚ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਹੈ। ਉਨ੍ਹਾਂ ਵਿਅਕਤੀ ਨੇ ਪੁਲੀਸ ਦੀ ਮਿਲੀਭੁਗਤ ਨਾਲ ਉਸ ਖ਼ਿਲਾਫ਼ ਝੂਠੇ ਕੇਸ ਦਰਜ ਕਰਵਾਏ ਹਨ।
ਉਸ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਖ਼ੁਆਰ ਹੋ ਰਿਹਾ ਹੈ ਪਰ ਉਸ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਇਸ ਮੌਕੇ ਥਾਣਾ ਧਾਰੀਵਾਲ ਮੁਖੀ ਇੰਸਪੈਕਟਰ ਬਲਜੀਤ ਕੌਰ, ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ, ਰੇਲਵੇ ਪੁਲੀਸ ਥਾਣਾ ਪਠਾਨਕੋਟ ਮੁਖੀ ਸੁਖਵਿੰਦਰ ਸਿੰਘ ਨੇ ਅਸ਼ਵਨੀ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ। ਸ਼ਾਮ ਨੂੰ ਇੰਸਪੈਕਟਰ ਬਲਜੀਤ ਕੌਰ ਤੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਵੱਲੋਂ ਦਿੱਤੇ ਇਨਸਾਫ਼ ਦੇ ਭਰੋਸੇ ਮਗਰੋਂ ਅਸ਼ਵਨੀ ਕੁਮਾਰ ਕਰੀਬ 6 ਘੰਟੇ ਮਗਰੋਂ ਟਾਵਰ ਤੋਂ ਹੇਠਾਂ ਉਤਰ ਆਇਆ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਕਿਹਾ ਕਿ ਅਸ਼ਵਨੀ ਜੋ ਮੰਗਾਂ ਲਿਖਤੀ ਤੌਰ ’ਤੇ ਦੇਵੇਗਾ, ਉਹ ਡੀਸੀ ਨੂੰ ਭੇਜ ਦਿੱਤੀਆਂ ਜਾਣਗੀਆਂ।