ਜਗਤਾਰ ਸਿੰਘ ਲਾਂਬਾਅੰਮ੍ਰਿਤਸਰ, 8 ਜਨਵਰੀਕਾਂਗਰਸ ਹਾਈਕਮਾਂਡ ਵੱਲੋਂ ਭੇਜੇ ਸੀਨੀਅਰ ਕਾਂਗਰਸੀ ਆਗੂ ਹਰੀਸ਼ ਚੌਧਰੀ ਨੇ ਅੰਮ੍ਰਿਤਸਰ ਜ਼ਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਨਾਲ ਵੱਖੋ-ਵੱਖਰੇ ਤੌਰ ’ਤੇ ਮੀਟਿੰਗਾਂ ਕਰਨ ਉਪਰੰਤ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਦੀਆਂ ਹੋਈਆਂ ਚੋਣਾਂ ਵਿੱਚ ਕਾਂਗਰਸ ਪਾਰਟੀ 40 ਸੀਟਾਂ ਲੈ ਕੇ ਬਹੁਮਤ ਦੇ ਬਹੁਤ ਹੀ ਕਰੀਬ ਹੈ ਤੇ ਕੁਝ ਹੋਰ ਮੈਂਬਰਾਂ ਦੀ ਮਦਦ ਨਾਲ ਪਾਰਟੀ ਆਪਣਾ ਮੇਅਰ ਬਣਾਏਗੀ। ਉਨ੍ਹਾਂ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੰਤਰੀ ਤੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਕੈਪਟਨ ਸੰਦੀਪ ਸੰਧੂ ਸ਼ਾਮਲ ਸਨ। ਸਾਰੇ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਸੰਤੁਸ਼ਟ ਨਜ਼ਰ ਆਏ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਜ਼ਾਬਤੇ ਵਿੱਚ ਰਹਿਕੇ ਆਪਣਾ ਕੰਮ ਕਰਦੀ ਹੈ ਤੇ ਸਾਰਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਦੋ ਦਿਨਾਂ ਵਿੱਚ ਕਾਂਗਰਸ ਹਾਈਕਮਾਂਡ ਇਸ ਬਾਰੇ ਸਹੀ ਫੈਸਲਾ ਕਰ ਦੇਵੇਗੀ, ਜੋ ਕਿ ਸਰਬਪ੍ਰਵਾਨਿਤ ਹੋਵੇਗਾ।ਸ੍ਰੀ ਬਾਜਵਾ ਨੇ ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਕਿਹਾ ਕਿ ਉਹ ਜਿੰਨੇ ਮਰਜ਼ੀ ਹੱਥਕੰਡੇ ਵਰਤ ਲੈਣ ਪਰ ਕਾਮਯਾਬ ਨਹੀਂ ਹੋਣਗੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਮੇਅਰ ਦੇ ਅਹੁਦੇ ਵਾਸਤੇ ਜਿਸ ਦੇ ਵੀ ਨਾਮ ’ਤੇ ਮੋਹਰ ਲਾਈ ਗਈ ਹੈ, ਉਹ ਸਾਰਿਆਂ ਦੀ ਸਲਾਹ ਤੇ ਭਾਵਨਾਵਾਂ ਉਪਰੰਤ ਕਾਂਗਰਸ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਹੋਵੇਗਾ। ਅੱਜ ਦੀ ਮੀਟਿੰਗ ਵਿੱਚ ਸੁਖਬਿੰਦਰ ਸਿੰਘ ਸਰਕਾਰੀਆ, ਓ ਪੀ ਸੋਨੀ , ਭਗਵੰਤ ਪਾਲ ਸਿੰਘ ਸੱਚਰ, ਡਾ ਰਾਜਕੁਮਾਰ, ਸੁਨੀਲ ਦੱਤੀ, ਇੰਦਰਬੀਰ ਸਿੰਘ ਬੁਲਾਰੀਆ, ਜਸਬੀਰ ਸਿੰਘ ਡਿੰਪਾ, ਅਸ਼ਵਨੀ ਪੱਪੂ, ਦਿਨੇਸ਼ ਬੱਸੀ, ਜੁਗਲ ਕਿਸ਼ੋਰ ਸ਼ਰਮਾ, ਬੱਬੀ ਪਹਿਲਵਾਨ , ਰਮਨ ਬਖਸ਼ੀ ਵੀ ਹਾਜ਼ਰ ਸਨ।ਦੱਸਣਯੋਗ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਵਿੱਚ 85 ਸੀਟਾਂ ’ਚੋਂ ਕਾਂਰਗਸ ਨੇ 40 ਵਾਰਡਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਮੇਅਰ ਬਣਾਉਣ ਵਾਸਤੇ ਅੱਧ ਤੋਂ ਵੱਧ ਬਹੁਮਤ ਦੀ ਲੋੜ ਹੈ ਜਦਕਿ ‘ਆਪ’ ਨੂੰ 24 ਸੀਟਾਂ ’ਤੇ ਜਿੱਤ ਮਿਲੀ ਹੈ ਅਤੇ ਉਸਨੇ 4 ਆਜ਼ਾਦ ਕੌਂਸਲਰ ਪਾਰਟੀ ਵਿੱਚ ਸ਼ਾਮਲ ਕਰਨ ਦਾ ਦਾਅਵਾ ਕਰਦਿਆਂ ਆਪਣਾ ਮੇਅਰ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਚੋਣ ਵਿੱਚ ਭਾਜਪਾ ਨੂੰ 9 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 4 ਸੀਟਾਂ ’ਤੇ ਜਿੱਤ ਮਿਲੀ ਸੀ ਜਦੋਕਿ 8 ਆਜ਼ਾਦ ਕੌਂਸਲਰ ਚੋਣ ਜਿੱਤੇ ਸਨ।