ਟਰੰਪ ਦੀ ਸਿਖਰਲੀ ਸਿਆਸੀ ਅਜ਼ਮਾਇਸ਼
ਅਮਰੀਕਾ ਵਿਚ ਐਤਕੀਂ ਕਹਿਰਾਂ ਦੀ ਗਰਮੀ ਪੈ ਰਹੀ ਹੈ ਜੋ ਕਈ ਪੱਖਾਂ ਤੋਂ ਸਿਆਸੀ ਤੇ ਸਭਿਆਚਾਰਕ ਬੁਖ਼ਾਰ ਦਾ ਸੂਚਕ ਵੀ ਬਣ ਗਈ ਹੈ। ਡੇਢ ਕੁ ਸਾਲ ਬਾਅਦ ਦੇਸ਼ ਵਿਚ ਰਾਸ਼ਟਰਪਤੀ ਦੀ ਚੋਣ ਹੋ ਰਹੀ ਹੈ ਜਿਸ ਬਾਰੇ ਕਿਆਸ ਹਨ ਕਿ ਇਹ ਇਸ ਦੇ ਹਾਲੀਆ ਇਤਿਹਾਸ ਦੀ ਸਭ ਤੋਂ ਅਹਿਮ ਚੋਣ ਸਾਬਿਤ ਹੋ ਸਕਦੀ ਹੈ।
ਇਵੇਂ ਜਾਪਦਾ ਹੈ ਕਿ ਅਮਰੀਕਾ ਨੂੰ ਆਟੋ ਇਮਿਊਨ ਰੋਗ (ਸਰੀਰ ਦੀ ਸਵੈ-ਰੱਖਿਆ ਪ੍ਰਣਾਲੀ ਫੇਲ੍ਹ ਹੋਣ) ਦਾ ਸ਼ਿਕਾਰ ਹੋ ਗਿਆ ਹੈ ਜਿਸ ਨਾਲ ਅਮਰੀਕਾ ਖੁਦ ਨੂੰ ਤਬਾਹ ਕਰਨ ਲੱਗ ਪਿਆ ਹੈ। ਜ਼ਰਾ ਉਮੀਦਵਾਰ ਬਣਨ ਦੇ ਚਾਹਵਾਨ ਡੋਨਲਡ ਟਰੰਪ ਜੋ ਅੱਗੇ ਚੱਲ ਕੇ ਰਾਸ਼ਟਰਪਤੀ ਵੀ ਬਣ ਸਕਦੇ ਹਨ, ਬਾਰੇ ਗ਼ੌਰ ਫਰਮਾਓ। ਅਗਲੇ ਸਾਲ ਮਈ ਵਿਚ ਉਨ੍ਹਾਂ ਖਿਲਾਫ਼ ਗੁਪਤ ਦਸਤਾਵੇਜ਼ਾਂ ਨਾਲ ਗ਼ਲਤ ਤਰੀਕੇ ਨਾਲ ਸਿੱਝਣ ਦੇ ਦੋਸ਼ਾਂ ਤਹਿਤ ਮੁਕੱਦਮਾ ਸ਼ੁਰੂ ਹੋ ਜਾਵੇਗਾ। ਉਂਝ, ਟਰੰਪ ਖਿਲਾਫ਼ ਇਹ ਕੋਈ ਇਕੱਲਾ ਇਕਹਿਰਾ ਕੇਸ ਨਹੀਂ ਹੈ। 2016 ਵਿਚ ਰਾਸ਼ਟਰਪਤੀ ਦੀ ਚੋਣ ਦੀ ਪ੍ਰਚਾਰ ਮੁਹਿੰਮ ਦੌਰਾਨ ਸੈਕਸ ਸਕੈਂਡਲ ਨੂੰ ਦਬਾਉਣ ਲਈ ਧਨ ਦਾ ਇਸਤੇਮਾਲ ਕਰਨ ਦੇ ਫ਼ੌਜਦਾਰੀ ਕੇਸ ਦੀ ਅਗਲੇ ਮਾਰਚ ਮਹੀਨੇ ਮੁਕੱਦਮੇ ਦੀ ਤਾਰੀਕ ਤੈਅ ਹੋ ਗਈ ਹੈ। ਜੌਰਜੀਆ ਵਿਚ ਚੁਣਾਵੀ ਹਾਰ ਦੇ ਨਤੀਜੇ ਬਦਲਵਾਉਣ ਲਈ ਟਰੰਪ ਦੀਆਂ ਕੋਸ਼ਿਸ਼ਾਂ ਦੀ ਜਾਂਚ ਵੀ ਚੱਲ ਰਹੀ ਹੈ। ਇਸ ਤੋਂ ਇਲਾਵਾ 2020 ਵਿਚ ਹੋਈ ਰਾਸ਼ਟਰਪਤੀ ਦੀ ਚੋਣ ਦੇ ਨਤੀਜੇ ਪਲਟਾਉਣ ਦੀ ਸਾਜਿ਼ਸ਼ ਜੋ 6 ਜਨਵਰੀ 2021 ਨੂੰ ਕਾਂਗਰਸ (ਭਵਨ) ’ਤੇ ਹੋਏ ਹਮਲੇ ਦਾ ਰੂਪ ਧਾਰ ਗਈ ਸੀ, ਬਾਬਤ ਜਾਂਚ ਮੁਕੰਮਲ ਹੋਣ ਵਾਲੀ ਹੈ।
ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਦੀ ਚੋਣ ਕਰਨ ਵਾਸਤੇ ਰਿਪਬਲਿਕਨ ਪਾਰਟੀ ਦਾ ਅਮਲ ਜਨਵਰੀ 2024 ਤੋਂ ਸ਼ੁਰੂ ਹੋ ਜਾਵੇਗਾ ਅਤੇ ਇਹ ਵੱਖ ਵੱਖ ਅਜ਼ਮਾਇਸ਼ਾਂ ਖਤਮ ਹੋਣ ਤੋਂ ਪਹਿਲਾਂ ਹੀ ਪੂਰਾ ਹੋ ਸਕਦਾ ਹੈ। ਰਿਪਬਲਿਕਨ ਉਮੀਦਵਾਰ ਦਾ ਗੁਣਾ ਕਿਸੇ ਅਜਿਹੇ ਸ਼ਖ਼ਸ ’ਤੇ ਪੈ ਸਕਦਾ ਹੈ ਜਿਸ ਖਿਲਾਫ਼ ਕਈ ਕੇਸ ਦਾਇਰ ਹੋ ਚੁੱਕੇ ਹਨ। ਟਰੰਪ ਦੇ ਮੁੱਦੇ ’ਤੇ ਇਸ ਵੇਲੇ ਰਿਪਬਲਿਕਨ ਪਾਰਟੀ ਦੀ ਪਹੁੰਚ ਕੁਝ ਇਸ ਤਰ੍ਹਾਂ ਹੈ ਕਿ ਉਸ ਦੇ ਖਿਲਾਫ਼ ਆਇਦ ਦੋਸ਼ਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ ਅਤੇ ਇਹ ਦਲੀਲ ਦਿੱਤੀ ਜਾਵੇ ਕਿ ਇਸ ਦੇ ਨਤੀਜੇ ਦੀ ਜਿ਼ੰਮੇਵਾਰੀ ਡੈਮੋਕਰੇਟਿਕ ਪਾਰਟੀ ਦੀ ਹੈ।
ਇਹ ਗੱਲ ਸਪੱਸ਼ਟ ਨਹੀਂ ਹੈ ਕਿ ਰਿਪਬਲਿਕਨ ਪਾਰਟੀ ਇਸ ਮੁਕਾਮ ’ਤੇ ਕਿਵੇਂ ਪਹੁੰਚੀ ਹੈ ਪਰ ਕਿਸੇ ਸਮੇਂ ਕਾਨੂੰਨ ਵਿਵਸਥਾ ਦਾ ਦਮ ਭਰਨ ਵਾਲੀ ਇਸ ਪਾਰਟੀ ਨੂੰ ਹੁਣ ਜਨਵਰੀ 2021 ਵਿਚ ਸੰਸਦ ਵਿਚ ਹੋਏ ਦੰਗੇ ’ਤੇ ਕੋਈ ਖਾਸ ਇਤਰਾਜ਼ ਨਹੀਂ ਹੈ। ਪਾਰਟੀ ਐੱਫਬੀਆਈ ਨੂੰ ਵੀ ਖਤਮ ਕਰਨਾ ਚਾਹੁੰਦੀ ਹੈ। ਗਰਭਪਾਤ ਨੂੰ ਬਰਦਾਸ਼ਤ ਨਾ ਕਰਨ ਅਤੇ ਉੱਚੇ ਇਖ਼ਲਾਕ ਦਾ ਦਾਅਵਾ ਕਰਨ ਵਾਲੀ ਇਸ ਪਾਰਟੀ ਨੂੰ ਕੋਈ ਪ੍ਰਵਾਹ ਨਹੀਂ ਹੈ ਕਿ ਉਸ ਦਾ ਨਾਮਜ਼ਦ ਉਮੀਦਵਾਰ ਅਸ਼ਲੀਲ ਫਿਲਮਾਂ ਦੀਆਂ ਨਾਇਕਾਵਾਂ ਨਾਲ ਕਿਵੇਂ ਵਿਚਰਦਾ ਰਿਹਾ ਹੈ। ਕੋਈ ਸਮਾਂ ਸੀ ਜਦੋਂ ਇਸ ਪਾਰਟੀ ਦਾ ਆਗੂ ਰੀਗਨ ‘ਬੁਰਾਈ ਦੇ ਸਾਮਰਾਜ’ ਸੋਵੀਅਤ ਸੰਘ ਖਿਲਾਫ਼ ਮੁਹਿੰਮ ਦੀ ਅਗਵਾਈ ਕਰਦਾ ਸੀ ਜਦਕਿ ਇਸ ਦਾ ਮੌਜੂਦਾ ਆਗੂ ਰੂਸੀ ਨੇਤਾ ਪੂਤਿਨ ਦਾ ਲੰਗੋਟੀਆ ਯਾਰ ਬਣਿਆ ਹੋਇਆ ਹੈ।
ਡੈਮੋਕਰੇਟਾਂ ਦੀ ਇਕੋ ਇਕ ਮੁਸ਼ਕਿਲ ਇਹ ਨਹੀਂ ਹੈ ਕਿ ਦੂਜੀ ਵਾਰ ਰਾਸ਼ਟਰਪਤੀ ਬਣਨ ਦੇ ਚਾਹਵਾਨ ਜੋਅ ਬਾਇਡਨ ਦੀ ਲੋਕਪ੍ਰਿਅਤਾ ਦੀ ਦਰ ਬਹੁਤ ਨੀਵੀਂ ਹੈ। ਹਾਲਾਂਕਿ ਕਾਗਜ਼ਾਂ ’ਚ ਸਭ ਕੁਝ ਠੀਕ ਠਾਕ ਚੱਲ ਰਿਹਾ ਹੈ: ਅਰਥਚਾਰਾ ਠਾਠਾਂ ਮਾਰ ਰਿਹਾ ਹੈ, ਨੌਕਰੀਆਂ ਦੀ ਬਹੁਤਾਤ ਹੈ ਅਤੇ ਇਸ ਗੱਲ ਦੇ ਆਸਾਰ ਹਨ ਕਿ ਆਉਂਦੇ ਛੇ ਮਹੀਨਿਆਂ ਵਿਚ ਹਾਲਾਤ ਹੋਰ ਬਿਹਤਰ ਹੋ ਜਾਣਗੇ।
ਰਿਪਬਲਿਕਨ ਬਾਇਡਨ ਖਿਲਾਫ਼ ਮਹਾਂਦੋਸ਼ ਦਾ ਮਤਾ ਲਿਆਉਣ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਬਾਇਡਨ ਅਤੇ ਉਨ੍ਹਾਂ ਦਾ ਪੁੱਤਰ ਹੰਟਰ ਭ੍ਰਿਸ਼ਟ ਕਾਰਵਾਈਆਂ ਵਿਚ ਸ਼ਾਮਲ ਰਹੇ ਹਨ ਹਾਲਾਂਕਿ ਰਾਸ਼ਟਰਪਤੀ ਬਾਇਡਨ ਖਿਲਾਫ਼ ਅਜਿਹਾ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਇਆ। ਦੂਜੇ ਬੰਨੇ, ਦੇਸ਼ ਸਭਿਆਚਾਰਕ ਲੜਾਈਆਂ ਦੀ ਲਪੇਟ ਵਿਚ ਆ ਰਿਹਾ ਹੈ। ਬਿਨਾਂ ਸ਼ੱਕ, ਸਭ ਤੋਂ ਵੱਡਾ ਪਾੜਾ ਗਰਭਪਾਤ ਨੂੰ ਲੈ ਕੇ ਪੈਦਾ ਹੋ ਗਿਆ ਹੈ। ਅਮਰੀਕੀ ਸੁਪਰੀਮ ਕੋਰਟ ਵਲੋਂ ਗਰਭਪਾਤ ਦੇ ਹੱਕਾਂ ਦੀ ਸੰਵਿਧਾਨਕ ਸੁਰੱਖਿਆ ਖਤਮ ਕਰਨ ਤੋਂ ਬਾਅਦ ਕਈ ਰਿਪਬਲਿਕਨ ਸ਼ਾਸਿਤ ਸੂਬਿਆਂ ਨੇ ਗਰਭਪਾਤ ਖਿਲਾਫ਼ ਸਖ਼ਤ ਕਾਨੂੰਨ ਪਾਸ ਕਰਦਿਆਂ ਇਸ ਦੀਆਂ ਸੇਵਾਵਾਂ ਦੇਣ ਬਦਲੇ ਫ਼ੌਜਦਾਰੀ ਅਪਰਾਧ ਐਲਾਨ ਦਿੱਤਾ ਹੈ। ਇਹ ਸਭ ਕੁਝ ਉਦੋਂ ਹੋ ਰਿਹਾ ਹੈ ਜਦੋਂ ਚੋਣ ਸਰਵੇਖਣਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਬਹੁਤੇ ਅਮਰੀਕੀ ਲੋਕ ਕੁਝ ਸ਼ਰਤਾਂ ਸਹਿਤ ਗਰਭਪਾਤ ਦਾ ਹੱਕ ਦੇਣ ਦੇ ਪੱਖ ਵਿਚ ਹਨ।
ਪਿਛਲੇ ਹਫ਼ਤੇ ਰਾਸ਼ਟਰਪਤੀ ਬਾਇਡਨ ਨੇ 14 ਸਾਲ ਦੇ ਸਿਆਹਫ਼ਾਮ ਬੱਚੇ ਦੀ ਐਮੇਟ ਟਿਲ ਦੀ ਯਾਦਗਾਰ ਦਾ ਉਦਘਾਟਨ ਕੀਤਾ ਸੀ ਜਿਸ ਨੂੰ 1955 ਵਿਚ ਮਿਸੀਸਿਪੀ ਵਿਚ ਕਥਿਤ ਤੌਰ ’ਤੇ ਗੋਰੀ ਔਰਤ ਨੂੰ ਦੇਖ ਕੇ ਚੁਹਲ ਕਰਨ ਬਦਲੇ ਅਗਵਾ ਕਰਨ ਤੋਂ ਬਾਅਦ ਤਸੀਹੇ ਦੇ ਕੇ ਕਤਲ ਕੀਤਾ ਗਿਆ ਸੀ। ਉਸ ਦੀ ਹੱਤਿਆ ਤੇ ਹਤਿਆਰਿਆਂ ਨੂੰ ਬਰੀ ਕਰ ਦੇਣ ਦੇ ਰੋਸ ਵਜੋਂ 1960ਵਿਆਂ ਵਿਚ ਸ਼ਹਿਰੀ ਹੱਕਾਂ ਦਾ ਅੰਦੋਲਨ ਉਠਿਆ ਸੀ। ਪਿਛਲੇ ਦਹਾਕੇ ਵਿਚ ਅਸੀਂ ‘ਬਲੈਕ ਲਾਈਵਜ਼ ਮੈਟਰ’ ਅੰਦੋਲਨ ਵੀ ਦੇਖਿਆ ਸੀ ਜੋ ਅਮਰੀਕਾ ਵਿਚ ਹਾਲੇ ਵੀ ਕਈ ਪੱਧਰਾਂ ’ਤੇ ਮੌਜੂਦ ਨਸਲਪ੍ਰਸਤੀ ਖਿਲਾਫ਼ ਪ੍ਰਤੀਕਿਰਿਆ ਦੇ ਰੂਪ ਵਿਚ ਉਭਰਿਆ ਸੀ।
ਸਮਕਾਲੀ ਨਸਲਵਾਦ ਕਿਵੇਂ ਚਲਦਾ ਹੈ, ਇਸ ਦੀ ਇਕ ਮਿਸਾਲ ਫਲੋਰਿਡਾ ਦੇ ਗਵਰਨਰ ਅਤੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਨ ਦੇ ਚਾਹਵਾਨ ਰੌਨ ਡਿਸੈਂਟਿਸ ਵਲੋਂ ਗੁਲਾਮੀ ਦੇ ਤੱਥ ਝੁਠਲਾਉਣ ਦੇ ਯਤਨਾਂ ਤੋਂ ਮਿਲਦੀ ਹੈ। ਇਸ ਸੂਬੇ ਦੀਆਂ ਸੋਧੀਆਂ ਗਈਆਂ ਪਾਠ ਪੁਸਤਕਾਂ ਦੇ ਖਰੜੇ ਵਿਚ ਆਖਿਆ ਗਿਆ ਹੈ ਕਿ ਅਸਲ ਵਿਚ ਗੁਲਾਮਾਂ ਨੂੰ ਗੁਲਾਮੀ ਦੌਰਾਨ ਕੁਝ ਹੁਨਰ ਸਿੱਖਣ ਸਦਕਾ ਇਸ ਤੋਂ ਲਾਭ ਹੋਇਆ ਸੀ।
ਇਸ ਤੋਂ ਇਲਾਵਾ ਜਿਨਸੀ ਸਿੱਖਿਆ, ਜਿਨਸੀ ਝੁਕਾਅ ਅਤੇ ਲਿੰਗਕ ਸਮਾਨਤਾ ਨੂੰ ਲੈ ਕੇ ਵੀ ਟਕਰਾਅ ਚੱਲ ਰਹੇ ਹਨ। ਸਮਲਿੰਗੀਆਂ ਦੇ ਹੱਕਾਂ ਨੂੰ ਮਾਨਤਾ ਮਿਲਣ ਤੋਂ ਬਾਅਦ ਹੁਣ ਬਹੁਲਿੰਗੀ ਅਤੇ ਪਾਰਲਿੰਗੀ ਲੋਕਾਂ ਵਲੋਂ ਵੀ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਚੋਣ ਸਰਵੇਖਣਾਂ ਮੁਤਾਬਕ ਮੱਧ 1990ਵਿਆਂ ਤੋਂ ਕਰੀਬ 2010 ਦੇ ਅਰਸੇ ਵਿਚਕਾਰ ਜਨਮ ਲੈਣ ਵਾਲਿਆਂ ਦੀ ‘ਜ਼ੀ ਪੀੜ੍ਹੀ’ ਦੇ ਕਰੀਬ 21 ਫ਼ੀਸਦ ਆਪਣੇ ਆਪ ਨੂੰ ਹਮਜਿਨਸੀ, ਬਹੁਲਿੰਗਕ ਜਾਂ ਪਾਰਲਿੰਗੀ (ਐੱਲਜੀਬੀਟੀ) ਅਖਵਾਉਂਦੇ ਹਨ ਜਦਕਿ 1980ਵਿਆਂ ਤੇ ਮੱਧ 1990ਵਿਆਂ ਤੱਕ ਜਨਮੇ ਲੋਕਾਂ ’ਚੋਂ ਦਸ ਕੁ ਫ਼ੀਸਦ ਹੀ ਅਜਿਹੇ ਕਰਦੇ ਸਨ। ਇਸ ਨਵੀਂ ਪੀੜ੍ਹੀ ਦਾ ਦੇਸ਼ ਅੰਦਰ ਹੋਰਨਾਂ ਖੇਤਰਾਂ ’ਤੇ ਵੀ ਪ੍ਰਭਾਵ ਪੈ ਰਿਹਾ ਹੈ। ਗੈਲੁਪ ਦੇ ਸਰਵੇਖਣ ਮੁਤਾਬਕ ਆਪਣੇ ਆਪ ਨੂੰ ‘ਬਹੁਤ ਹੀ ਮਾਣਮੱਤੇ ਅਮਰੀਕਨ’ ਅਖਵਾਉਣ ਵਾਲੇ ਨੌਜਵਾਨਾਂ (18-34 ਸਾਲ) ਦਾ ਜਿਹੜਾ ਹਿੱਸਾ 2013 ਤੱਕ 40 ਫ਼ੀਸਦ ਹੁੰਦਾ ਸੀ, ਉਹ ਹੁਣ ਮਸਾਂ 18 ਫ਼ੀਸਦ ਰਹਿ ਗਿਆ ਹੈ।
ਸਿਆਸੀ ਪਾੜ੍ਹਾ ਬਹੁਤ ਡੂੰਘਾ ਹੋ ਗਿਆ ਹੈ। ਇਸੇ ਸਾਲ, ਅਮਰੀਕਾ ਭਰ ਦੀਆਂ ਵਿਧਾਨ ਪਾਲਿਕਾਵਾਂ ਵਿਚ ਐੱਲਜੀਬੀਟੀ ਹੱਕ ਸੀਮਤ ਕਰਨ ਲਈ ਕਰੀਬ 75 ਬਿੱਲ ਪਾਸ ਕੀਤੇ ਗਏ ਹਨ। ਜਿਨਸੀ ਝੁਕਾਅ ਦੇ ਆਧਾਰ ’ਤੇ ਹੋਣ ਵਾਲੇ ਨਫ਼ਰਤੀ ਅਪਰਾਧਾਂ ਵਿਚ ਵਾਧਾ ਹੋਇਆ ਹੈ ਅਤੇ ਇਸ ਸਬੰਧ ਵਿਚ ਪ੍ਰਦਰਸ਼ਨ ਅਤੇ ਮੁਤਵਾਜ਼ੀ-ਪ੍ਰਦਰਸ਼ਨ ਹੁੰਦੇ ਰਹਿੰਦੇ ਹਨ। ਸਕੂਲਾਂ ਅਤੇ ਯੂਨੀਵਰਸਿਟੀਆਂ ਦੀਆਂ ਪਾਠ ਪੁਸਤਕਾਂ ਨੂੰ ਲੈ ਕੇ ਵੀ ਜੰਗ ਛਿੜੀ ਹੋਈ ਹੈ। ਅਸਲ ਵਿਚ ਇਹ ਤਥਾ ਕਥਿਤ ‘ਸਭਿਆਚਾਰਕ ਯੁੱਧ’ ਮੂਲਵਾਦੀ ਤਾਕਤਾਂ ਵਲੋਂ ਤਬਦੀਲੀ ਨੂੰ ਡੱਕਣ ਦਾ ਹਰਬਾ ਹਨ। ਉਹ ਤਾਕਤਾਂ ਆਪਣੇ ਆਪ ਨੂੰ ਬੇਲਗਾਮ ਉਦਾਰਵਾਦ ਤੋਂ ਪੀੜਤ ਹੋਣ ਦਾ ਦਿਖਾਵਾ ਕਰ ਰਹੀਆਂ ਹਨ ਤੇ ਨਾਲ ਹੀ ਪ੍ਰਚਾਰ ਕਰ ਰਹੀਆਂ ਹਨ ਕਿ ਉਨ੍ਹਾਂ ਦੀ ਕੀਮਤ ’ਤੇ ਪਰਵਾਸੀਆਂ, ਹਮਜਿਨਸੀਆਂ, ਔਰਤਾਂ, ਗ਼ਰੀਬਾਂ, ਕਾਲਿਆਂ ਅਤੇ ਹੋਰਨਾਂ ਸਮੂਹਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਜਾ ਰਹੇ ਹਨ। ਇਸ ਸਭ ਰੌਲੇ ਗੌਲੇ ਦੇ ਬਾਵਜੂਦ ਟਰੰਪ ਲਈ ਰਾਹ ਬਹੁਤ ਚੁਣੌਤੀ ਭਰਿਆ ਹੈ। ਇਕ ਚੋਣ ਸਰਵੇਖਣ ਮੁਤਾਬਕ 2016 ਤੋਂ 2020 ਦੇ ਅਰਸੇ ਦੌਰਾਨ 5 ਕਰੋੜ 20 ਲੱਖ ਨਵੇਂ ਵੋਟਰ ਦਰਜ ਹੋਣਗੇ ਜਿਨ੍ਹਾਂ ਵਿਚ ਜਿ਼ਆਦਾਤਰ ਉਹ ਨੌਜਵਾਨ ਹਨ ਜੋ ਡੈਮੋਕਰੇਟਿਕ ਪਾਰਟੀ ਵੱਲ ਝੁਕਾਅ ਰੱਖਦੇ ਹਨ।
ਸਾਫ਼ ਜ਼ਾਹਿਰ ਹੈ ਕਿ ਅਮਰੀਕਾ ਵਿਚ ਕਾਫ਼ੀ ਉਥਲ ਪੁਥਲ ਦਾ ਦੌਰ ਚੱਲ ਰਿਹਾ ਹੈ ਤੇ ਇਹ ਕੋਈ ਗ਼ੈਰ-ਮਾਮੂਲੀ ਗੱਲ ਵੀ ਨਹੀਂ ਹੈ। ਉਂਝ, ਇਸ ਅਮਲ ਨਾਲ ਖ਼ਤਰੇ ਵੀ ਜੁੜੇ ਹੋਏ ਹਨ ਜਿਵੇਂ ਟਰੰਪ ਦੀ ਅਗਵਾਈ ਹੇਠ ਰਿਪਬਲਿਕਨ ਪਾਰਟੀ ਦੀ ਸਿਆਸਤ ਨਾਲ ਉਭਰ ਕੇ ਸਾਹਮਣੇ ਆਏ ਸਨ। ਸੱਜੇ ਪੱਖੀ ਝੁਕਾਅ ਵਾਲੀ ਸੁਪਰੀਮ ਕੋਰਟ ਜਿਹੀਆਂ ਸੰਸਥਾਵਾਂ ਦੀ ਮਦਦ ਨਾਲ ਉਹ ਦੇਸ਼ ਅੰਦਰ ‘ਗੋਰੇ ਮਰਦਾਂ ਦੇ ਦਬਦਬੇ’ ਨੂੰ ਕਾਇਮ ਰੱਖਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਹੁਣ ਇਸ ਨੂੰ ਕਾਇਮ ਰੱਖ ਸਕਣਾ ਬਿਲਕੁੱਲ ਅਸੰਭਵ ਹੋ ਗਿਆ ਹੈ। ਕਿਸੇ ਨੂੰ ਪਸੰਦ ਹੋਵੇ ਜਾਂ ਨਾ ਪਰ ਤਬਦੀਲੀ ਤਾਂ ਆ ਕੇ ਰਹਿਣੀ ਹੈ।
*ਲੇਖਕ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਵਿਸ਼ੇਸ਼ ਫੈਲੋ ਹਨ।