ਟਰੈਵਲ ਏਜੰਟ ਦੇ ਪੁੱਤਰ ਵੱਲੋਂ ਸਾਥੀਆਂ ਨਾਲ ਰਲ ਕੇ 16 ਲੱਖ ਦੀ ਲੁੱਟ
ਦਿੱਲੀ ਦੇ ਇੱਕ ਟਰੈਵਲ ਏਜੰਟ ਵੱਲੋਂ ਭੇਜੇ ਇੱਕ ਮੁਲਾਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਹਿਰ ਦੇ ਇੱਕ ਕਾਰੋਬਾਰੀ ਤੇ ਉਸ ਦੇ ਦੋਸਤ ਨੂੰ ਇੱਕ ਹੋਟਲ ਵਿੱਚ ਬੰਧਕ ਬਣਾ ਕੇ 16 ਲੱਖ ਰੁਪਏ ਲੁੱਟ ਲਏ। ਪੈਸੇ ਲੁੱਟਣ ਤੋਂ ਬਾਅਦ ਮੁਲਜ਼ਮ ਉਥੋਂ ਫਰਾਰ ਹੋ ਗਏ। ਘਟਨਾ ਤਿੰਨ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਬੱਸ ਸਟੈਂਡ ਨੇੜੇ ਸਥਿਤ ਹੋਟਲ ਰੀਜੇਂਟਾ ਕਲਾਸਿਕ ’ਚ ਪਹੁੰਚੀ। ਜਾਂਚ ਤੋਂ ਬਾਅਦ ਅਮਰਜੀਤ ਸਿੰਘ ਵਾਸੀ ਭਾਗਿਆ ਹੋਮਜ਼ ਜੈਨ ਕਲੋਨੀ ਦੀ ਸ਼ਿਕਾਇਤ ’ਤੇ ਦਿੱਲੀ ਵੈਸਟ ਦੇ ਓਮ ਵਿਹਾਰ ਇਲਾਕੇ ਦੇ ਰਹਿਣ ਵਾਲੇ ਅਮਿਤ ਕੁਮਾਰ ਅਤੇ ਉਸ ਦੇ ਪੰਜ-ਛੇ ਦੋਸਤਾਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਆਰੰਭੀ ਗਈ ਹੈ।
ਅਮਰਜੀਤ ਸਿੰਘ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦਾ ਭਰਾ ਦਮਨਪ੍ਰੀਤ ਸਿੰਘ ਕੈਨੇਡਾ ਜਾਣਾ ਚਾਹੁੰਦਾ ਸੀ। ਕਿਸੇ ਜ਼ਰੀਏ ਉਹ ਦਿੱਲੀ ਦੇ ਇੱਕ ਟਰੈਵਲ ਏਜੰਟ ਰਾਜ ਵਰਮਾ ਨੂੰ ਮਿਲਿਆ ਤੇ 16 ਲੱਖ ਵਿੱਚ ਉਸ ਦੀ ਡੀਲ ਤੈਅ ਹੋਈ। ਇਹ ਪੈਸੇ ਦਮਨਪ੍ਰੀਤ ਨੇ ਕੈਨੇਡਾ ਪਹੁੰਚਣ ’ਤੇ ਦੇਣੇ ਸਨ ਤੇ ਇਥੇ ਰਾਜ ਵਰਮਾ ਨੇ ਸਾਰਾ ਕੰਮ ਕਰਵਾ ਕੇ ਦੇਣਾ ਸੀ। ਕੁਝ ਦਿਨ ਪਹਿਲਾਂ ਸ਼ਿਕਾਇਤਕਰਤਾ ਨੂੰ ਰਾਜ ਵਰਮਾ ਨੇ ਫੋਨ ਕਰਕੇ ਕਿਹਾ ਕਿ ਉਹ ਆਪਣੇ ਪੁੱਤਰ ਅਮਿਤ ਕੁਮਾਰ ਨੂੰ ਭੇਜੇ ਰਿਹਾ ਹੈ, ਉਹ 16 ਲੱਖ ਰੁਪਏ ਦਿਖਾ ਦੇਣ ਤਾਂ ਅਤੇ ਦਮਨਪ੍ਰੀਤ ਦੇ ਕੈਨੇਡਾ ਪੁੱਜਣ ਮਗਰੋਂ ਪੈਸੇ ਅਮਿਤ ਨੂੰ ਹੀ ਦੇ ਦੇਣ। ਅਮਿਤ ਕੁਮਾਰ ਲੁਧਿਆਣਾ ਦੇ ਰੀਜੇਂਟਾ ਕਲਾਸਿਕ ਹੋਟਲ ਆ ਕੇ ਰੁੱਕਿਆ ਜਿਥੇ ਸ਼ਿਕਾਇਤਕਰਤਾ ਆਪਣੇ ਦੋਸਤ ਗੌਰਵ ਸ਼ਰਮਾ ਨਾਲ ਕੈਸ਼ ਲੈ ਕੇ ਗਿਆ। ਤੜਕੇ ਕਰੀਬ ਸਾਢੇ ਤਿੰਨ ਵਜੇ ਚਾਰ ਤੋਂ ਪੰਜ ਨੌਜਵਾਨਾਂ ਨੇ ਹੋਟਲ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਜਿਨ੍ਹਾਂ ਖ਼ੁਦ ਨੂੰ ਸੀਆਈਏ ਮੁਲਾਜ਼ਮ ਦੱਸਿਆ। ਉਨ੍ਹਾਂ ਅਮਰਜੀਤ ਤੇ ਗੌਰਵ ਦੇ ਮੱਥੇ ’ਤੇ ਪਿਸਤੌਲ ਤਾਣ ਦਿੱਤਾ ਤੇ ਨਕਦੀ ਲੈ ਕੇ ਫਰਾਰ ਹੋ ਗਏ। ਥਾਣਾ ਮਾਡਲ ਟਾਊਨ ਦੀ ਐੱਸਐੱਚਓ ਸਬ-ਇੰਸਪੈਕਟਰ ਅਵਨੀਤ ਕੌਰ ਨੇ ਦੱਸਿਆ ਕਿ ਘਟਨਾ ਨੂੰ ਅਮਿਤ ਅਤੇ ਉਸ ਦੇ ਸਾਥੀਆਂ ਨੇ ਅੰਜਾਮ ਦਿੱਤਾ ਹੈ। ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।