ਟਰੂਡੋ ’ਤੇ ਨਿੱਝਰ ਮਾਮਲੇ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਦੋਸ਼
ਵਾਸ਼ਿੰਗਟਨ ਡੀਸੀ, 11 ਜੂਨ
ਪੈਂਟਾਗਨ ਦੇ ਸਾਬਕਾ ਅਧਿਕਾਰੀ ਅਤੇ ਅਮਰੀਕਨ ਐਂਟਰਪ੍ਰਾਈਜ਼ ਇੰਸਟੀਚਿਊਟ ਦੇ ਸੀਨੀਅਰ ਫੈਲੋ ਮਾਈਕਲ ਰੂਬਿਨ ਨੇ ਖਾਲਿਸਤਾਨੀ ਅੰਦੋਲਨ ਅਤੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਲਈ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਣਨੀਤਕ ਕੂਟਨੀਤੀ ਦੀ ਸ਼ਲਾਘਾ ਕਰਦਿਆਂ ਖਾਲਿਸਤਾਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਸੱਦਾ ਦਿੱਤਾ। ਰੂਬਿਨ ਨੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਭਾਰਤ-ਕੈਨੇਡਾ ਸਬੰਧਾਂ ਦੇ ਭਵਿੱਖ ਬਾਰੇ ਟਰੂਡੋ ਦੇ ਮੁਕਾਬਲੇ ’ਚ ਵਧੇਰੇ ਗੰਭੀਰ ਅਤੇ ਉਸਾਰੂ ਪਹੁੰਚ ਅਪਣਾ ਰਹੇ ਹਨ। ਰੂਬਿਨ ਨੇ ਟਿੱਪਣੀ ਕੀਤੀ, ‘‘ਭਾਰਤ ਕੋਈ ਫੁਟਬਾਲ ਨਹੀਂ ਹੈ ਜਿਸ ਨੂੰ ਤੁਸੀਂ ਇਧਰ-ਉਧਰ ਕਿੱਕਾਂ ਮਾਰਦੇ ਫਿਰਦੇ ਹੋ। ਉਹ ਇਕ ਅਜਿਹਾ ਸਹਿਯੋਗੀ ਹੈ ਜਿਸ ਨੂੰ ਗਲੇ ਨਾਲ ਲਗਾਇਆ ਜਾਣਾ ਚਾਹੀਦਾ ਹੈ।’’ ਉਨ੍ਹਾਂ ਕੈਨੇਡਾ ਨੂੰ ਭਾਰਤ ਨਾਲ ਸਬੰਧ ਸੁਧਾਰਨ ’ਤੇ ਜ਼ੋਰ ਦੇਣ ਦੀ ਵਕਾਲਤ ਕਰਦਿਆਂ ਕਿਹਾ ਕਿ ਕਾਰਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੈਨੇਡਾ ’ਚ ਜੀ-7 ਸਿਖਰ ਸੰਮੇਲਨ ਦਾ ਸੱਦਾ ਦੇ ਕੇ ਬਹੁਤ ਵਧੀਆ ਪਹੁੰਚ ਅਪਣਾਈ ਹੈ। -ਏਐੱਨਆਈ