ਜੌਰਜੀਆ ਹਾਦਸਾ: ਐੱਸਪੀ ਸਿੰਘ ਉਬਰਾਏ ਵੱਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ
ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਜਨਵਰੀ
ਜੌਰਜੀਆ ਵਿੱਚ ਹਾਦਸੇ ’ਚ ਮਾਰੇ ਗਏ ਮੋਗਾ ਨੇੜਲੇ ਪਿੰਡ ਘੱਲਕਲਾਂ ਦੇ ਨੌਜਵਾਨ ਗਗਨਦੀਪ ਸਿੰਘ ਦੇ ਪਰਿਵਾਰ ਨੂੰ ਮਿਲਣ ਲਈ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸਪੀ ਸਿੰਘ ਉਬਰਾਏ ਪਿੰਡ ਘੱਲਕਲਾਂ ਪੁੱਜੇ। ਇਸ ਮੌਕੇ ਡਾ. ਉਬਰਾਏ ਨੇ ਪੀੜਤ ਪਰਿਵਾਰ ਦੀ ਆਰਥਿਕ ਹਾਲਾਤ ਦੇ ਮੱਦੇਨਜ਼ਰ ਉਨ੍ਹਾਂ ਨੂੰ ਹੋਰ ਜਗ੍ਹਾ ਖਰੀਦ ਕੇ ਪੱਕਾ ਘਰ ਬਣਾ ਕੇ ਦੇਣ ਅਤੇ ਨੂੰ ਪੰਜ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਪਹਿਲੀ ਪੈਨਸ਼ਨ ਦਾ ਚੈੱਕ ਪੀੜਤ ਦੇ ਪਿਤਾ ਗੁਰਮੁਖ ਸਿੰਘ ਨੂੰ ਵੀ ਸੌਂਪਿਆ। ਦੱਸਣਯੋਗ ਹੈ ਕਿ ਪੀੜਤ ਪਰਿਵਾਰ ਨੇ ਚਾਰ ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਗਗਨਦੀਪ ਨੂੰ ਬਾਹਰ ਭੇਜਿਆ ਸੀ। ਸ੍ਰੀ ਉਬਰਾਏ ਨੇ ਕਿਹਾ ਕਿ ਉਹ ਇਸ ਹਾਦਸੇ ਸਾਰੇ ਪੀੜਤ ਪਰਿਵਾਰਾਂ ਦੇ ਘਰ ਜਾ ਕੇ ਦੁਖ ਵੰਡਾਉਣਗੇ ਤੇ ਪਰਿਵਾਰਾਂ ਦੀ ਲੋੜ ਅਨੁਸਾਰ ਆਰਥਿਕ ਮਦਦ ਕਰਨਗੇ। ਇਸ ਮੌਕੇ ਸਾਬਕਾ ਸਰਪੰਚ ਸਿਮਰਜੀਤ ਸਿੰਘ, ਦਵਿੰਦਰ ਸਿੰਘ ਘਾਲੀ ਅਤੇ ਸਥਾਨਕ ਟਰੱਸਟ ਇਕਾਈ ਆਗੂ ਗੋਕਲ ਚੰਦ, ਹਰਭਿੰਦਰ ਸਿੰਘ ਜਾਨੀਆ ਮੌਜੂਦ ਸਨ।