ਜੇਲ੍ਹ ਵਿੱਚੋਂ 9 ਮੋਬਾਈਲ ਫੋਨ ਤੇ ਨਸ਼ੀਲੀਆਂ ਗੋਲੀਆਂ ਬਰਾਮਦ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ,6 ਜਨਵਰੀ
ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚੋਂ ਬੀਤੇ ਕੱਲ੍ਹ ਨੌਂ ਮੋਬਾਈਲ ਫੋਨ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਜੇਲ੍ਹ ਦੇ ਸਹਾਇਕ ਸੁਪਰਡੈਂਟ ਪਿਆਰਾ ਰਾਮ ਅਤੇ ਰਘਵੀਰ ਚੰਦ ਦੀ ਸ਼ਿਕਾਇਤ ’ਤੇ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਤਿੰਨ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਐੱਸਐੱਚਓ ਪ੍ਰਭਜੀਤ ਸਿੰਘ ਗਿੱਲ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਵੱਲੋਂ ਬੀਤੇ ਕੱਲ੍ਹ ਕੀਤੀ ਤਲਾਸ਼ੀ ਦੌਰਾਨ 9 ਮੋਬਾਈਲ ਫੋਨ ਦੇ ਨਾਲ ਇੱਕ ਹਜ਼ਾਰ ਤੋਂ ਵੱਧ ਨਸ਼ੀਲੀਆ ਗੋਲੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਜੇਲ੍ਹ ਦੀ ਬੈਰਕ ਨੰਬਰ 4 ਵਿੱਚ ਬੰਦ ਲਵਪ੍ਰੀਤ ਸਿੰਘ ਉਰਫ ਸੋਨੂੰ ਅਤੇ ਅਜੈ ਕੁਮਾਰ ਉਰਫ ਗੋਲੂ ਕੋਲੋਂ ਦੋ ਮੋਬਾਈਲ ਫੋਨ ਅਤੇ ਬੈਰਕ ਨੰਬਰ 6 ਵਿੱਚ ਬੰਦ ਅਕਾਸ਼ਦੀਪ ਸਿੰਘ ਕੋਲੋਂ ਦੋ ਸਮਾਰਟ ਫੋਨ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਜੇਲ੍ਹ ਦੀਆਂ ਵੱਖ-ਵੱਖ ਥਾਂਵਾਂ ਤੋਂ ਪੰਜ ਹੋਰ ਮੋਬਾਈਲ ਫੋਨ ਬਰਾਮਦ ਹੋਏ ਹਨ, ਬਰਾਮਦ ਕੀਤੇ ਕੁੱਲ ਮੋਬਾਈਲ ਫੋਨ ਦੀ ਗਿਣਤੀ 9 ਹੈ। ਜੇਲ੍ਹ ਅੰਦਰੋਂ 1178 ਨਸ਼ੀਲੀਆਂ ਗੋਲੀਆਂ, 17 ਲਾਲ ਰੰਗ ਦੇ ਕੈਪਸੂਲ, 12 ਤੰਬਾਕੂ ਦੀਆਂ ਪੁੜੀਆਂ ਬਰਾਮਦ ਕੀਤੀਆਂ ਗਈਆਂ ਹਨ।