ਜੇਲ੍ਹ ’ਚ ਦੋ ਧੜਿਆਂ ਵਿਚਾਲੇ ਝੜਪ; ਇੱਕ ਜ਼ਖ਼ਮੀ
ਕੇ ਪੀ ਸਿੰਘ
ਗੁਰਦਾਸਪੁਰ, 26 ਦਸੰਬਰ
ਇੱਥੋਂ ਦੀ ਕੇਂਦਰੀ ਜੇਲ੍ਹ ’ਚ ਬੰਦੀਆਂ ਦੇ ਦੋ ਧੜਿਆਂ ਵਿਚਾਲੇ ਅੱਜ ਝੜਪ ਹੋ ਗਈ, ਇਹ ਝੜਪ ਰੰਜਿਸ਼ ਤਹਿਤ ਹੋਈ ਦੱਸੀ ਜਾ ਰਹੀ ਹੈ, ਜਿਸ ਦੌਰਾਨ ਇੱਕ ਕੈਦੀ ਜ਼ਖ਼ਮੀ ਹੋ ਗਿਆ। ਇਨ੍ਹਾਂ ਧੜਿਆਂ ’ਚ ਝਗੜਾ ਬਾਅਦ ਦੁਪਹਿਰ ਕਰੀਬ ਇੱਕ ਵਜੇ ਸ਼ੁਰੂ ਹੋਇਆ ਜਿਸ ਤੋਂ ਬਾਅਦ ਕੇਂਦਰੀ ਜੇਲ੍ਹ ਦਾ ਸਾਇਰਨ ਵੱਜਣ ਲੱਗ ਗਿਆ। ਇਹ ਸਾਇਰਨ ਕਰੀਬ ਅੱਧਾ ਘੰਟਾ ਵੱਜਦਾ ਰਿਹਾ। ਇਸ ਦੌਰਾਨ ਕੈਦੀਆਂ ਨਾਲ ਮੁਲਾਕਾਤ ਕਰਨ ਆਏ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਹੋਰਾਂ ਨੂੰ ਜੇਲ੍ਹ ਪ੍ਰਸ਼ਾਸਨ ਅਤੇ ਕਰਮਚਾਰੀਆਂ ਵੱਲੋਂ ਬਾਹਰ ਕੱਢ ਦਿੱਤਾ ਗਿਆ।
ਇਸ ਤੋਂ ਕੁਝ ਸਮੇਂ ਬਾਅਦ ਹੀ ਉੱਥੇ ਬੁਲੇਟ ਪਰੂਫ ਟਰੈਕਟਰ ਪਹੁੰਚ ਗਿਆ ਅਤੇ ਵੱਡੀ ਗਿਣਤੀ ਪੁਲੀਸ ਫੋਰਸ ਆ ਗਈ ਤੇ ਉਸ ਤੋਂ ਥੋੜ੍ਹੀ ਦੇਰ ਬਾਅਦ ਕਈ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਪਰ ਪੱਤਰਕਾਰਾਂ ਨਾਲ ਨਾ ਹੀ ਕਿਸੇ ਪੁਲੀਸ ਅਧਿਕਾਰੀ ਅਤੇ ਨਾ ਹੀ ਕਿਸੇ ਜੇਲ੍ਹ ਅਧਿਕਾਰੀ ਨੇ ਕੋਈ ਜਾਣਕਾਰੀ ਸਾਂਝੀ ਕੀਤੀ। ਸੂਤਰਾਂ ਮੁਤਾਬਕ ਪੁਲੀਸ ਲਾਈਨ ਅਤੇ ਜ਼ਿਲ੍ਹੇ ਦੇ ਛੇ ਥਾਣਿਆਂ ਤੋਂ ਪੁਲੀਸ ਕਰਮਚਾਰੀਆਂ ਨੂੰ ਜੇਲ੍ਹ ਵਿੱਚ ਹਾਲਾਤ ’ਤੇ ਕਾਬੂ ਪਾਉਣ ਲਈ ਸੱਦਿਆ ਗਿਆ।
ਜੇਲ੍ਹ ਅੰਦਰ ਹਵਾਲਾਤੀਆਂ ਦੇ ਦੋ ਗੁੱਟ ਆਪਸ ਵਿੱਚ ਭਿੜ ਗਏ, ਜਿਸ ਦੌਰਾਨ ਹਵਾਲਾਤੀ ਗਗਨਦੀਪ ਸਿੰਘ ਵਾਸੀ ਸ੍ਰੀਹਰਗੋਬਿੰਦਪੁਰ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਕੁਝ ਦੇਰ ਬਾਅਦ ਸਥਾਨਕ ਪੁਲੀਸ ਅਧਿਕਾਰੀਆਂ ਨੇ ਪਹੁੰਚ ਕੇ ਜੇਲ੍ਹ ਕਰਮਚਾਰੀਆਂ ਦੇ ਸਹਿਯੋਗ ਨਾਲ ਹਾਲਾਤ ’ਤੇ ਕਾਬੂ ਪਾ ਲਿਆ। ਹਾਲਾਤ ’ਤੇ ਕਾਬੂ ਪਾਉਣ ਲਈ ਦੋ ਤੋਂ ਤਿੰਨ ਘੰਟੇ ਦਾ ਸਮਾਂ ਲੱਗਿਆ। ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਦਾਖਲ ਹਵਾਲਾਤੀ ਗਗਨਦੀਪ ਸਿੰਘ ਦੇ ਸਿਰ ਤੋਂ ਲੈ ਕੇ ਠੋਡੀ ਤੱਕ ਕੁੱਲ 20 ਟਾਂਕੇ ਲੱਗੇ ਹਨ ਪਰ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਜੇਲ੍ਹ ਸੁਪਰਡੈਂਟ ਰਾਹੁਲ ਰਾਜਾ ਨੇ ਕਿਹਾ ਕਿ ਰੰਜਿਸ਼ ਕਾਰਨ ਹਵਾਲਾਤੀਆਂ ਦੇ ਦੋ ਗੁੱਟ ਭਿੜੇ ਸਨ।