ਜੇਐੱਨਯੂ ਦੇ ਦੋ ਵਿਦਿਆਰਥੀਆਂ ਨੂੰ ਪੌਣੇ ਦੋ ਲੱਖ ਜੁਰਮਾਨਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜਨਵਰੀ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਨੇ ਹੋਸਟਲ ਦੇ ਦੋ ਵਿਦਿਆਰਥੀਆਂ ਨੂੰ ਬਾਹਰੀ ਲੋਕਾਂ ਨੂੰ ਆਪਣੇ ਕਮਰਿਆਂ ਵਿੱਚ ਰੱਖਣ, ਸ਼ਰਾਬ ਪੀਣ ਅਤੇ ਹੁੱਕਾ ਪੀਣ ਆਦਿ ਦੇ ਦੋਸ਼ਾਂ ਹੇਠ 1.79 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਅੱਠ ਜਨਵਰੀ ਨੂੰ ਜਾਰੀ ਕੀਤੇ ਅਧਿਕਾਰਤ ਨੋਟਿਸਾਂ ਅਨੁਸਾਰ ਪੰਜ ਦਿਨਾਂ ਵਿੱਚ ਜੁਰਮਾਨਾ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਪਹਿਲੇ ਨੋਟਿਸ ਅਨੁਸਾਰ ਕਮਰੇ ਵਿੱਚ 12 ਅਣਪਛਾਤੇ ਸ਼ਰਾਬ ਪੀਂਦੇ ਤੇ ਹੋਸਟਲ ਦੇ ਅਹਾਤੇ ਵਿੱਚ ਗੜਬੜ ਕਰਦੇ ਫੜੇ ਗਏ। ਇਸ ਕਾਰਨ ਵਿਦਿਆਰਥੀਆਂ ਨੂੰ 80,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਦੂਜੇ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪਿਛਲੇ ਸਾਲ 22 ਦਸੰਬਰ ਤੇ 5 ਜਨਵਰੀ ਨੂੰ ਕਈ ਬਾਹਰੀ ਵਿਅਕਤੀਆਂ ਨੇ ਇੱਕ ਹੋਰ ਵਿਦਿਆਰਥੀ ਦੇ ਕਮਰੇ ਵਿੱਚ ਸ਼ਰਾਬ ਪੀਤੀ ਸੀ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਾਰਡਨ ਕਮੇਟੀ ਤੇ ਸੁਰੱਖਿਆ ਕਰਮਚਾਰੀਆਂ ਨੇ ਕਮਰਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ। ਵਿਦਿਆਰਥੀ ਨੂੰ 99,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਦੋਵੇਂ ਨੋਟਿਸਾਂ ਵਿੱਚ ਵਿਦਿਆਰਥੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਨਿਰਧਾਰਤ ਸਮੇਂ ਦੇ ਅੰਦਰ ਜੁਰਮਾਨੇ ਦੀ ਅਦਾਇਗੀ ਕਰਨ ਵਿੱਚ ਅਸਫਲ ਰਹਿਣ ’ਤੇ ਹੋਰ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ। ਇਸ ਮਾਮਲੇ ’ਤੇ ਹੋਸਟਲ ਵਾਰਡਨ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ।
ਜੁਰਮਾਨੇ ਲਾਉਣ ਦੀ ਆਲੋਚਨਾ
ਸਤਲੁਜ ਹੋਸਟਲ ਦੇ ਸਾਬਕਾ ਪ੍ਰਧਾਨ ਕੁਨਾਲ ਕੁਮਾਰ ਨੇ ਜੁਰਮਾਨਿਆਂ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਬਦਲੇ ਦੀ ਕਾਰਵਾਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਯੂਨੀਵਰਸਿਟੀ ਵਿੱਚ ਜਿੱਥੇ ਸਮੈਸਟਰ ਫੀਸ ਸਿਰਫ਼ 200 ਰੁਪਏ ਹੈ, ਵਿਦਿਆਰਥੀਆਂ ਨੂੰ 1 ਲੱਖ ਰੁਪਏ ਤੋਂ ਲੈ ਕੇ 1.5 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਰਿਹਾ ਹੈ। ਇਹ ਜੁਰਮਾਨੇ ਉਨ੍ਹਾਂ ਲੋਕਾਂ ’ਤੇ ਲਗਾਏ ਜਾ ਰਹੇ ਹਨ ਜੋ ਏਬੀਵੀਪੀ ਦਾ ਸਮਰਥਨ ਨਹੀਂ ਕਰਦੇ।