ਜੀਂਦ ਜ਼ਿਲ੍ਹੇ ਵਿੱਚ ਪੰਜ ਥਾਵਾਂ ’ਤੇ ਹੋਈ ਮੌਕ ਡਰਿੱਲ
ਮਹਾਂਵੀਰ ਮਿੱਤਲ
ਜੀਂਦ, 8 ਮਈ
ਭਾਰਤ-ਪਾਕਿਸਤਾਨ ਯੁੱਧ ਨੂੰ ਵੇਖਦੇ ਹੋਏ ਸਥਾਨਕ ਜ਼ਿਲ੍ਹੇ ਵਿੱਚ 5 ਥਾਵਾਂ ਉੱਤੇ ਸਿਵਲ ਡਿਫੈਂਸ ਮੌਕ ਡਰਿੱਲ ਕਰਵਾਈ ਗਈ। ਇਸ ਮੌਕੇ ਲੋਕਾਂ ਨੂੰ ਦੱਸਿਆ ਗਿਆ ਕਿ ਜੇ ਦੁਸ਼ਮਣ ਵਾਰ ਕਰਦਾ ਹੈ ਤਾਂ ਉਸ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ। ਇਸ ਦੌਰਾਨ ਡੀਸੀ ਮਹੁੰਮਦ ਇਮਰਾਨ ਰਜ਼ਾ, ਐੱਸਪੀ ਕੁਲਦੀਪ ਸਿੰਘ, ਸਾਰੇ ਉਪ-ਮੰਡਲਾਂ ਦੇ ਐੱਸਡੀਐੱਮ, ਡੀਐੱਸਪੀ, ਤਹਿਸੀਲਦਾਰ, ਸਿੱਟੀ ਐੱਸਐੱਚਓ, ਜੀਆਰਪੀ ਅਤੇ ਆਰਪੀਐਫ ਦੇ ਕਰਮਚਾਰੀ ਹਾਜ਼ਰ ਰਹੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੇ ਰੇਲਵੇ ਜੰਕਸ਼ਨ, ਵੀਟਾ ਮਿਲਕ ਪਲਾਂਟ, ਐੱਚਪੀ ਗੈਸ ਪਲਾਂਟ, ਖਟਕੜ ਪਾਵਰ ਗਰਿੱਡ ਅਤੇ ਸਫੀਦੋਂ ਦੇ ਮਿਨੀ ਸਕੱਤਰੇਤ ਵਿੱਚ ਮੌਕ ਡਰਿੱਲ ਕਰਵਾਈ ਗਈ। ਉਨ੍ਹਾਂ ਨੇ ਆਮ ਨਾਗਰਿਕ ਨੂੰ ਦੱਸਿਆ ਕਿ ਖਤਰੇ ਦਾ ਸ਼ਾਇਰਨ ਵੱਜੇਗਾ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਆਮ ਨਾਗਰਿਕਾਂ ਨੂੰ ਆਪਣੇ ਬਚਾਅ ਕਰਨ ਦੇ ਤਰੀਕੇ ਦੱਸੇ ਗਏ। ਇਸ ਮੋਕੇ ਉੱਤੇ ਡੀਸੀ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਜੇਕਰ ਤੁਹਾਨੂੰ ਹਵਾਈ ਹਮਲੇ ਦੇ ਸ਼ਾਇਰਨ ਜਾਂ ਐਲਾਨ ਕੀਤੇ ਜਾਣ ਦੀਆਂ ਆਵਾਜ਼ਾਂ ਸੁਣਾਈ ਦੇਣ ਤਾਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਇੱਕ ਅਭਿਆਸ ਹੈ। ਪੁਲੀਸ, ਸਕੂਲ ਅਧਿਕਾਰੀਆਂ ਜਾਂ ਇਮਾਰਤ ਸੁਰੱਖਿਆ ਜਾਂ ਕਿਸੇ ਹੋਰ ਸਰਕਾਰੀ ਅਧਿਕਾਰੀ ਦੀ ਹਦਾਇਤਾਂ ਦਾ ਪਾਲਣ ਕੀਤਾ ਜਾਵੇ। ਤੁਰੰਤ ਸੁਰੱਖਿਅਤ ਸਥਾਨ ਵਿੱਚ ਇਕੱਤਰ ਹੋ ਜਾਓ। ਬਲੈਕ ਆਊਟ ਦੌਰਾਨ ਘਰ ਦੇ ਅੰਦਰ ਰਿਹਾ ਜਾਵੇ ਅਤੇ ਖਿੜਕੀਆਂ ਤੋਂ ਦੂਰ ਰਹੋ, ਜੇ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਗੱਡੀ ਨੂੰ ਕਿਨਾਰੇ ਉੱਤੇ ਪਾਰਕ ਕਰੋ ਅਤੇ ਵਾਹਨ ਦੀਆਂ ਲਾਈਟਾਂ ਬੰਦ ਕਰ ਦਿਓ। ਜਿੱਥੇ ਹੋਵੋਂ, ਉੱਥੇ ਹੀ ਰਹੋ-ਇੱਧਰ-ਉੱਧਰ ਨਾ ਜਾਓ। ਅਲਰਟ ਦੇ ਦੌਰਾਨ ਸਾਰੀ ਅੰਦਰ ਅਤੇ ਬਾਹਰਲੀ ਲਾਈਟਾਂ ਬੰਦ ਕਰ ਦਿਓ, ਜਿਸ ਵਿੱਚ ਇਨਵਰਟਰ ਜਾਂ ਹੋਰ ਬਿਜਲੀ ਪੂਰਤੀ ਨੂੰ ਬੰਦ ਕਰਨਾ ਆਦਿ ਸ਼ਾਮਲ ਹਨ।
ਹਵਾਈ ਹਮਲੇ ਤੇ ਅਗਜ਼ਨੀ ਘਟਨਾਵਾਂ ਸਬੰਧੀ ਮੌਕ ਡਰਿੱਲ
ਸ਼ਾਹਬਾਦ (ਸਤਨਾਮ ਸਿੰਘ): ਡਿਪਟੀ ਕਮਿਸ਼ਨਰ ਨੇਹਾ ਸਿੰਘ ਦੀ ਅਗਵਾਈ ਹੇਠ ਅਪਰੇਸ਼ਨ ਅਭਿਆਸ ਦੇ ਹਿੱਸੇ ਵਜੋਂ ਹਵਾਈ ਹਮਲੇ ਤੇ ਅਗਜ਼ਨੀ ਦੀਆਂ ਘਟਨਾਵਾਂ ਦੇ ਸਬੰਧ ਵਿਚ ਸਥਾਨਕ ਸਹਿਕਾਰੀ ਖੰਡ ਮਿੱਲ ਵਿਚ ਮੌਕ ਡਰਿੱਲ ਕਰਵਾਈ ਗਈ। ਇਹ ਅਭਿਆਸ ਐੱਸਡੀਐੱਮ ਲਾਡਵਾ ਡਾ. ਚਿਨਾਰ ਚਹਿਲ ਦੀ ਨਿਗਰਾਨੀ ਹੇਠ ਕੀਤਾ ਗਿਆ। ਕਿਸਾਨਾਂ ਤੇ ਕਰਮਚਾਰੀਆਂ ਨੂੰ ਅੱਗ ਨਾਲ ਨਜਿੱਠਣ ਲਈ ਰਿਹਰਸਲਾਂ ਕੀਤੀਆਂ ਗਈਆਂ। ਆਮ ਲੋਕਾਂ ਨੂੰ ਵੀ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਗਿਆ। ਐੱਸਡੀਐੱਮ ਚਿਨਾਰ ਚਹਿਲ ਨੇ ਲੋਕਾਂ ਨੂੰ ਕਿਹਾ ਕਿ ਹਵਾਈ ਹਮਲੇ ਜਾਂ ਅਗਜ਼ਨੀ ਦੀ ਸਥਿਤੀ ਵਿੱਚ ਘਬਰਾਉਣ ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਸੁਰੱਖਿਆ ਉਪਾਅ ਵਰਤਣੇ ਪੈਣਗੇ। ਜੇ ਤੁਸੀਂ ਕਿਸੇ ਇਮਾਰਤ ਵਿੱਚ ਹੋ ਤਾਂ ਪੌੜੀਆਂ ਦੀ ਵਰਤੋਂ ਕਰੋ, ਲਿਫਟ ਦੀ ਵਰਤੋਂ ਕਰਨ ਤੋਂ ਬਚੋ। ਅੱਗ ਸੁਰੱਖਿਆ ਉਪਕਰਨਾਂ ਦੀ ਵਰਤੋਂ ਕਰੋ। ਉਨ੍ਹਾਂ ਕਿਹਾ ਕਿ ਇਮਾਰਤ ਲਈ ਬਣਾਏ ਗਏ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ । ਇਸ ਅਭਿਆਸ ਦਾ ਉਦੇਸ਼ ਅਜਿਹੀ ਸਥਿਤੀ ਵਿਚ ਪੈਦਾ ਹੋਣ ਵਾਲੀਆਂ ਕਮੀਆਂ ਨੂੰ ਦੂਰ ਕਰਨਾ ਹੈ ਤਾਂ ਜੋ ਆਮ ਲੋਕਾਂ ਦੀ ਸੁਰੱਖਿਆ ਲਈ ਸਾਰੇ ਪ੍ਰਬੰਧ ਸਮੇਂ ਸਿਰ ਪੂਰੇ ਕੀਤੇ ਜਾ ਸਕਣ।