ਜਿੰਪਾ ਨੇ ਲਾਭਪਾਤਰੀਆਂ ਨੂੰ 34.50 ਲੱਖ ਦੇ ਚੈੱਕ ਵੰਡੇ
ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੇਂਡੂ) ਤਹਿਤ 23 ਲਾਭਪਾਤਰੀਆਂ ਨੂੰ 34.50 ਲੱਖ ਰੁਪਏ ਦੇ ਚੈੱਕ ਵੰਡੇ। ਇਹ ਯੋਜਨਾ ਪੇਂਡੂ ਹਲਕੇ ਦੇ ਕੱਚੇ ਮਕਾਨਾਂ ਵਿੱਚ ਰਹਿਣ ਵਾਲੇ ਜ਼ਰੂਰਤਮੰਦ ਪਰਿਵਾਰਾਂ ਨੂੰ ਪੱਕੇ ਮਕਾਨ ਉਪਲਬੱਧ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਵਿਧਾਇਕ ਨੇ ਦੱਸਿਆ ਕਿ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਉਨ੍ਹਾਂ ਦੀਆ ਲੋੜਾਂ ਅਨੁਸਾਰ ਪੜਾਅਵਾਰ ਢੰਗ ਨਾਲ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਪ੍ਰੋਗਰਾਮ ਵਿੱਚ ਲਾਭਪਾਤਰੀਆਂ ਨੂੰ ਪਹਿਲੀ ਕਿਸ਼ਤ ਦੇ ਰੂਪ ’ਚ ਰਾਸ਼ੀ ਜਾਰੀ ਕੀਤੀ ਗਈ ਹੈ ਜਦਕਿ ਬਾਕੀ ਦੋ ਕਿਸ਼ਤਾਂ ਨਿਰਮਾਣ ਕਾਰਜ ਦੀ ਪ੍ਰਗਤੀ ਦੇ ਆਧਾਰ ’ਤੇ ਜਾਰੀ ਕੀਤੀਆਂ ਜਾਣਗੀਆਂ।
ਸ੍ਰੀ ਜਿੰਪਾ ਨੇ ਕਿਹਾ ਕਿ ਸਰਕਾਰ ਪੇਂਡੂ ਹਲਕੇ ਵਿਚ ਸਮਾਜਿਕ ਅਤੇ ਆਰਥਿਕ ਸਸ਼ਕਤੀਕਰਨ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਗਰੀਬ ਅਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਆਪਣੇ ਘਰ ਬਣਾਉਣ ਦਾ ਸੁਪਨਾ ਸਾਕਾਰ ਕਰਨ ਦਾ ਮੌਕਾ ਦਿੰਦੀ ਹੈ। ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਕਿ ਯੋਜਨਾ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪੇਂਡੂ ਖੇਤਰਾਂ ਵਿੱਚ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਇਸ ਯੋਜਨਾ ਤੋਂ ਇਲਾਵਾ ਹੋਰ ਭਲਾਈ ਸਕੀਮਾਂ ’ਤੇ ਵੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਪਖਾਨੇ ਨਿਰਮਾਣ, ਜਲ ਸਪਲਾਈ ਅਤੇ ਰੋਜ਼ਗਾਰ ਪੈਦਾ ਕਰਨ ਦੀਆਂ ਸਕੀਮਾਂ ਮਹੱਤਵਪੂਰਨ ਹਨ। ਉਨ੍ਹਾਂ ਲਾਭਪਾਤਰੀਆਂ ਨੂੰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਇਸ ਮੌਕੇ ਬੀਡੀਪੀਓ ਪਰਵੇਸ਼ ਗੋਇਲ, ਸਰਪੰਚ ਅਮਰਜੀਤ ਬਾਜਵਾ, ਰਾਜਨ ਸੈਣੀ, ਸਰਪੰਚ ਨਵਜਿੰਦਰ ਬੇਦੀ, ਸਤਵਿੰਦਰ ਸੱਤੀ ਤੇ ਰਾਜਾ ਵਿਰਦੀ ਆਦਿ ਮੌਜੂਦ ਸਨ।