ਜਾਅਲੀ ਛਾਪਾਮਾਰੀ ਕਰਨ ਦੇ ਦੋਸ਼ ਹੇਠ 5 ਜਣੇ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਗਸਤ
ਪੱਛਮੀ ਦਿੱਲੀ ਦੇ ਜਨਕਪੁਰੀ ਖੇਤਰ ਵਿੱਚ ਇੱਕ ਕਾਰੋਬਾਰੀ ਦੇ ਘਰ ਫਰਜ਼ੀ ਛਾਪਾਮਾਰੀ ਕਰਨ ਦੇ ਦੋਸ਼ ਹੇਠ ਅੱਜ ਦਿੱਲੀ ਪੁਲੀਸ ਦੇ ਇੱਕ ਹੈੱਡ ਕਾਂਸਟੇਬਲ ਤੇ ਆਮਦਨ ਕਰ (ਆਈਟੀ) ਵਿਭਾਗ ਦੇ ਇੱਕ ਕਰਮਚਾਰੀ ਸਮੇਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਦੀ ਕ੍ਰਾਈਮ ਬ੍ਰਾਂਚ ਯੂਨਿਟ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਕੁਲਦੀਪ ਸਿੰਘ, ਦੀਪਕ ਕਸ਼ਯਪ ਨੂੰ ਏਡੀਜੀ ਵਿਜੀਲੈਂਸ ਇਨਕਮ ਟੈਕਸ ਵਿਭਾਗ ‘ਜੇਐਲਐਨ’ ਸਟੇਡੀਅਮ ਵਿੱਚ ਪੀਐਸ ਵਜੋਂ ਤਾਇਨਾਤ ਹਿਮਾਂਸ਼ੂ, ਰਵਿੰਦਰ ਤੇ ਸ਼ੰਭੂ ਸ਼ਰਮਾ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇਸ ਮਾਮਲੇ ਵਿੱਚ ਹਾਲੇ ਇੱਕ ਔਰਤ ਸਮੇਤ ਦੋ ਜਣੇ ਫਰਾਰ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬੀਤੇ ਮੰਗਲਵਾਰ ਸਵੇਰੇ 8.30 ਵਜੇ ਵਾਪਰੀ ਸੀ, ਜਦੋਂ ਉਕਤ ਮੁਲਜ਼ਮ ਕਾਰੋਬਾਰੀ ਕੁਲਜੀਤ ਸਿੰਘ ਦੇ ਘਰ ਛਾਪਾਮਾਰੀ ਲਈ ਪਹੁੰਚੇ। ਉਸ ਵੇਲੇ ਕੁਲਜੀਤ ਸਿੰਘ ਘਰ ਵਿੱਚ ਹਾਜ਼ਰ ਨਹੀਂ ਸੀ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਤਲਾਸ਼ੀ ਵਾਰੰਟ ਹੋਣ ਦਾ ਦਾਅਵਾ ਕਰਦਿਆਂ ਘਰ ਵਿੱਚ ਮੌਜੂਦ ਸਾਰੇ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਫੋਨ ਆਪਣੇ ਕਬਜ਼ੇ ਵਿੱਚ ਲੈ ਲਏ ਅਤੇ ਘਰ ਦੇ ਹਰੇਕ ਕਮਰੇ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪਰਿਵਾਰ ਦੇ ਇੱਕ ਜੀਅ ਨੇ ਇਸ ਛਾਪੇ ਦੀ ਸੂਚਨਾ ਕੁਲਜੀਤ ਸਿੰਘ ਅਤੇ ਗੁਆਂਢੀਆਂ ਨੂੰ ਦਿੱਤੀ। ਇਸ ਮਗਰੋਂ ਕੁਲਜੀਤ ਸਿੰਘ ਨੇ ਪੁਲੀਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਮਗਰੋਂ ਥਾਣਾ ਜਨਕਪੁਰੀ ਪੁਲੀਸ ਦੀ ਟੀਮ ਮੌਕੇ ’ਤੇ ਪਹੁੰਚੀ, ਪਰ ਉਦੋਂ ਤੱਕ ਉਕਤ ਮੁਲਜ਼ਮ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਪੁਲੀਸ ਨੂੰ ਮੁਢਲੀ ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਛਾਪਾ ਫਰਜ਼ੀ ਢੰਗ ਨਾਲ ਮਾਰਿਆ ਗਿਆ ਸੀ। ਪੁਲੀਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਆਰੰਭੀ, ਜਿਸ ਦੌਰਾਨ ਉਕਤ ਮੁਲਜ਼ਮਾਂ ਦੀ ਗੱਡੀ ਦੀ ਸ਼ਨਾਖਤ ਕੀਤੀ ਗਈ, ਜਿਸ ਵਿੱਚ ਉਹ ਛਾਪਾ ਮਾਰਨ ਲਈ ਆਏ ਸਨ। ਪੁਲੀਸ ਅਨੁਸਾਰ ਵਾਰਦਾਤ ਵੇਲੇ ਵਰਤੀ ਗਈ ਕਾਰ ਹੈੱਡ ਕਾਂਸਟੇਬਲ ਕੁਲਦੀਪ ਸਿੰਘ ਦੀ ਹੈ।