ਜ਼ੀਰਕਪੁਰ ਵਿੱਚ ਦੋ-ਰੋਜ਼ਾ ਸਕੂਲ ਲੀਡਰਜ਼ ਸੰਮੇਲਨ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 19 ਦਸੰਬਰ
ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ, ਹਰਿਆਣਾ ਤੇ ਨਿਸਾ ਦੀ ਸਾਂਝੀ ਅਗਵਾਈ ਹੇਠ ਅੱਜ ਸਥਾਨਕ ਹੋਟਲ ਵਿੱਚ ਦੋ-ਰੋਜ਼ਾ ਸਕੂਲ ਲੀਡਰਜ਼ ਸੰਮੇਲਨ-2024 ਦੀ ਸ਼ੁਰੂਆਤ ਹੋ ਗਈ। ਯੋਗ ਗੁਰੂ ਸਵਾਮੀ ਰਾਮਦੇਵ ਨੇ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਵਾਮੀ ਰਾਮਦੇਵ ਨੇ ਸਿੱਖਿਆ ਵਿੱਚ ਨਵੀਨਤਾਕਾਰੀ ਕ੍ਰਾਂਤੀ ਤੇ ਨਵੀਂ ਸਿੱਖਿਆ ਨੀਤੀ (ਐੱਨਈਪੀ) ਨੂੰ ਸਫ਼ਲ ਬਣਾਉਣ ਲਈ ਲੋੜੀਂਦੇ ਕਦਮਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਨਿਸਾ ਦੇ ਚੇਅਰਮੈਨ ਡਾ. ਕੁਲਭੂਸ਼ਣ ਸ਼ਰਮਾ ਅਤੇ ਭਾਰਤੀ ਸਿੱਖਿਆ ਬੋਰਡ ਦੇ ਕਾਰਜਕਾਰੀ ਡਾਇਰੈਕਟਰ (ਸਾਬਕਾ) ਆਈਏਐੱਸ ਨਗਿੰਦਰ ਪ੍ਰਸਾਦ ਸਿੰਘ ਵੀ ਮੌਜੂਦ ਸਨ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਯੋਗ ਗੁਰੂ ਸਵਾਮੀ ਰਾਮਦੇਵ ਨੇ ਭਾਰਤੀ ਸਿੱਖਿਆ ਬੋਰਡ ਨੂੰ ਪ੍ਰਫੁੱਲਤ ਕਰਨ ਦੀ ਗੱਲ ਕਰਦਿਆਂ ਵਨ ਨੇਸ਼ਨ ਵਨ ਐਜੂਕੇਸ਼ਨ ਦੇ ਨਾਅਰੇ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿੱਚ ਸਦੀਵੀ ਭਾਵਨਾ ਹੋਣੀ ਚਾਹੀਦੀ ਹੈ ਅਤੇ ਭਾਰਤ ਦੇ ਸਮੁੱਚੇ ਸੱਭਿਆਚਾਰਕ, ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਵਿਰਸੇ ਨੂੰ ਨਾਲ ਲੈ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਹੈ। ਨਿਸਾ ਦੇ ਚੇਅਰਮੈਨ ਡਾ. ਕੁਲਭੂਸ਼ਣ ਸ਼ਰਮਾ ਨੇ ਕਿਹਾ ਕਿ ਹਰਿਆਣਾ, ਦਿੱਲੀ ਤੇ ਐੱਨਸੀਆਰ ਵਿੱਚ 100 ਮਾਡਲ ਸਕੂਲ ਬਣਾਏ ਜਾਣਗੇ।