ਜ਼ਿੰਮੇਵਾਰੀ ਤੋਂ ਭੱਜੀ ਫੇਸਬੁੱਕ
ਸੋਸ਼ਲ ਮੀਡੀਆ ਕੰਪਨੀ ‘ਮੈਟਾ’ ਤੱਥ ਜਾਂਚਣ ਦੇ ਆਪਣੇ ਪ੍ਰੋਗਰਾਮ ਨੂੰ ਤਿਆਗ ਰਹੀ ਹੈ ਅਤੇ ਇਸ ਦੀ ਸ਼ੁਰੂਆਤ ਇਹ ਅਮਰੀਕਾ ਤੋਂ ਕਰ ਰਹੀ ਹੈ। ਸੰਸਾਰ ਭਰ ’ਚ ਕੂੜ ਪ੍ਰਚਾਰ ਅਤੇ ਝੂਠ ਰਾਹੀਂ ਪ੍ਰਾਪੇਗੰਡਾ ਕਰਨ ਦੇ ਯਤਨਾਂ ਖ਼ਿਲਾਫ਼ ਵਿੱਢੀਆਂ ਗਈਆਂ ਮੁਹਿੰਮਾਂ ਲਈ ਇਹ ਵੱਡਾ ਝਟਕਾ ਹੈ। ਨੀਤੀ ਵਿੱਚ ਇਸ ਨਾਟਕੀ ਤਬਦੀਲੀ ਨੇ ਆਲਮੀ ਸੋਸ਼ਲ ਮੀਡੀਆ ਕੰਪਨੀ ਵੱਲੋਂ 2016 ਵਿੱਚ ਸ਼ੁਰੂ ਕੀਤੇ ਆਜ਼ਾਦਾਨਾ ‘ਥਰਡ ਪਾਰਟੀ ਫੈਕਟ ਚੈੱਕਿੰਗ’ ਪ੍ਰੋਗਰਾਮ ਦਾ ਭੋਗ ਪਾ ਦਿੱਤਾ ਹੈ। ਇਹ ਸਿਰਫ਼ ਇਤਫ਼ਾਕ ਨਹੀਂ ਹੋ ਸਕਦਾ ਕਿ ਇਸ ਤਰ੍ਹਾਂ ਦਾ ਫ਼ੈਸਲਾ ਅਮਰੀਕੀ ਰਾਸ਼ਟਰਪਤੀ ਬਣਨ ਜਾ ਰਹੇ ਡੋਨਲਡ ਟਰੰਪ ਦੇ ਅਹੁਦਾ ਸੰਭਾਲਣ ਤੋਂ ਬਿਲਕੁਲ ਪਹਿਲਾਂ ਕੀਤਾ ਗਿਆ ਹੈ ਜੋ ਸੱਜੇ ਪੱਖੀ ਸੁਰਾਂ ’ਤੇ ਕੈਂਚੀ ਚਲਾਉਣ ਲਈ ਮੈਟਾ ਦੀ ਜੰਮ ਕੇ ਨਿਖੇਧੀ ਕਰਦੇ ਰਹੇ ਹਨ। ਸੀਈਓ ਮਾਰਕ ਜ਼ਕਰਬਰਗ ਦੇ ਸ਼ਬਦ ਕਿ ਆਜ਼ਾਦ ਪ੍ਰਗਟਾਵੇ ਨੂੰ ਗਲ਼ ਲਾਉਣ ਦੀ ਖ਼ਾਹਿਸ਼ ਹਮੇਸ਼ਾ ਪ੍ਰੇਰਦੀ ਹੈ, ਗਲ਼ ਤੋਂ ਹੇਠਾਂ ਨਹੀਂ ਉੱਤਰ ਰਹੇ। ਕੰਟੈਂਟ ਦਾ ਸੰਤੁਲਨ ਬਣਾਉਣ ਦੀ ਵਕਾਲਤ ਕਰਨ ਤੋਂ ਝਿਜਕਦੇ ਰਹੇ ਜ਼ਕਰਬਰਗ ਨੇ ਫ਼ਰਜ਼ੀ ਖ਼ਬਰਾਂ ਨਾਲ ਜੁੜੇ ਕਈ ਵਿਵਾਦਾਂ ’ਚ ਘਿਰਨ ਤੋਂ ਬਾਅਦ ਆਨਲਾਈਨ ਗੱਲਬਾਤ ’ਤੇ ਨਿਗ੍ਹਾ ਰੱਖਣ ਲਈ ਕਈ ਜੁਝਾਰੂ ਕਦਮ ਚੁੱਕੇ ਸਨ, ਹੋਰਨਾਂ ਸੋਸ਼ਲ ਮੀਡੀਆ ਕੰਪਨੀਆਂ ਨੇ ਵੀ ਅਜਿਹਾ ਕੀਤਾ ਸੀ। ਜ਼ਕਰਬਰਗ ਇਸ ਕਦਮ ਰਾਹੀਂ ਟਰੰਪ ਨਾਲ ਆਪਣੇ ਅਣਸੁਖਾਵੇਂ ਰਿਸ਼ਤਿਆਂ ਨੂੰ ਸੁਖਾਵਾਂ ਕਰ ਕੇ ਕਾਰੋਬਾਰੀ ਪੱਖ ਤੋਂ ਤਾਂ ਸਫ਼ਲ ਹੋ ਸਕਦੇ ਹਨ ਪਰ ਬਾਕੀ ਸਾਰੇ ਪੱਖਾਂ ਤੋਂ ਇਹ ਗ਼ੈਰ-ਜ਼ਿੰਮੇਵਾਰਾਨਾ ਕਾਰਵਾਈ ਹੈ। ਦੁਨੀਆ ਭਰ ਵਿੱਚ ਸੂਚਨਾਵਾਂ ਦੀ ਅਖੰਡਤਾ ਲਈ ਇਹ ਖ਼ਤਰੇ ਦੀ ਘੰਟੀ ਹੈ।
ਵਿਸ਼ਾ ਵਸਤੂ ਦਾ ਸੰਤੁਲਨ ਰੱਖਣ ਲਈ ਪੇਸ਼ੇਵਰ ਤੱਥ ਖੋਜੀਆਂ ਉੱਤੇ ਟੇਕ ਰੱਖਣ ਦੀ ਬਜਾਇ ਮੈਟਾ ਹੁਣ ‘ਐਕਸ’ ਦੇ ਰਾਹ ਚੱਲ ਪਿਆ ਹੈ ਜੋ ਗੁਮਰਾਹਕੁਨ ਪੋਸਟ ਦੀ ਪੜਤਾਲ ਲਈ ਵਾਲੰਟੀਅਰਾਂ ਦਾ ਸਹਾਰਾ ਲੈ ਰਿਹਾ ਹੈ। ਉਹ ਇਸ ਤਰ੍ਹਾਂ ਦੀ ਪੋਸਟ ਹੇਠ ਨੋਟ ਲਿਖਦੇ ਹਨ। ਲਗਾਮ ਢਿੱਲੀ ਛੱਡਣ ਦੇ ਅਸਰਾਂ ਬਾਰੇ ਗੰਭੀਰ ਖ਼ਦਸ਼ੇ ਜ਼ਾਹਿਰ ਕੀਤੇ ਜਾ ਰਹੇ ਹਨ। ਨਿਗਰਾਨੀ ਰੱਖਣ ਵਾਲਿਆਂ ਨੇ ਚਿਤਾਵਨੀ ਦਿੱਤੀ ਹੈ ਕਿ ਮਜ਼ਬੂਤ ਰੋਕਥਾਮ ਪ੍ਰਣਾਲੀ ਦੇ ਖ਼ਤਮ ਹੋਣ ਦੇ ਗੰਭੀਰ ਅਸਰ ਹੋਣਗੇ ਤੇ ਇਸ ਪ੍ਰਣਾਲੀ ਦੀ ਗ਼ੈਰ-ਮੌਜੂਦਗੀ ਫੇਸਬੁੱਕ, ਇੰਸਟਾਗ੍ਰਾਮ ਤੇ ਥਰੈੱਡਜ਼ ਉੱਤੇ ਗ਼ਲਤ ਜਾਣਕਾਰੀਆਂ ਦਾ ਹੜ੍ਹ ਲਿਆ ਸਕਦੀ ਹੈ। ਤੇਜ਼ੀ ਨਾਲ ਫੈਲਦੇ ਝੂਠ ਅਤੇ ਭਾਰਤ ਦੇ ਮਾਮਲੇ ’ਚ ਜਿੱਥੇ ਨਫ਼ਰਤੀ ਭਾਸ਼ਣ ਵੀ ਹਾਵੀ ਹਨ, ਇਹ ਕਦਮ ਨਾ ਸਿਰਫ਼ ਭਰੋਸੇਯੋਗ ਜਾਣਕਾਰੀ ਤੱਕ ਲੋਕਾਂ ਦੀ ਪਹੁੰਚ ਨੂੰ ਕਮਜ਼ੋਰ ਕਰੇਗਾ ਬਲਕਿ ਲੋਕ ਆਪਣੇ ਸਿਆਸੀ ਨੇਤਾਵਾਂ ਨੂੰ ਸਾਹਮਣਿਓਂ ਟੱਕਰਨ ਦੀ ਸਮਰੱਥਾ ਵੀ ਗੁਆ ਬੈਠਣਗੇ।
‘ਵਟਸਐਪ ਯੂਨੀਵਰਸਿਟੀ’ ਦਾ ਫੁਰਨਾ ਜੋ ਤੱਥਾਂ ਅਤੇ ਇਤਿਹਾਸ ਨੂੰ ਲਗਾਤਾਰ ਤੋੜ-ਮਰੋੜ ਕੇ ਪੇਸ਼ ਕਰਦਾ ਰਿਹਾ ਹੈ, ਪ੍ਰਤੱਖ ਦਰਸਾਉਂਦਾ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ ਖੁੱਲ੍ਹੀ ਛੋਟ ਦੇਣ ਦੇ ਖ਼ਤਰੇ ਕੀ ਹਨ। ਜ਼ਹਿਰੀਲੇ ਝੂਠ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਣ ਲਈ ਵੱਧ ਤੱਥ ਖੋਜੀਆਂ ਦੀ ਲੋੜ ਹੈ, ਨਾ ਕਿ ਘੱਟ। ਇਨ੍ਹਾਂ ਦੀ ਗ਼ੈਰ-ਹਾਜ਼ਰੀ ਦਾ ਇੱਕੋ-ਇੱਕ ਮਤਲਬ ਝੂਠ ਤੇ ਪ੍ਰਾਪੇਗੰਡਾ ਫੈਲਾਉਣ ਵਾਲਿਆਂ ਨੂੰ ਖੁੱਲ੍ਹਾ ਸੱਦਾ ਦੇਣਾ ਹੈ ਜਿਸ ਵਿੱਚ ਜਵਾਬਦੇਹੀ ਦੀ ਕੋਈ ਗੁੰਜਾਇਸ਼ ਨਹੀਂ ਹੈ।