ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ
ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੋਜ ਕੁਮਾਰ ਨੇ ਸਮੂਹ ਸਟਾਫ ਮੈਂਬਰਾਂ ਨਾਲ ਮੀਟਿੰਗ ਕਰਕੇ ਨਵੇਂ ਸਾਲ ਵਿੱਚ ਪੈਡਿੰਗ ਵਿਭਾਗੀ ਕੰਮਾਂ ਨੂੰ ਪੂਰਾ ਕਰਨ ਅਤੇ ਵਧੀਆ ਸਿੱਖਿਆ ਦੇਣ ਦਾ ਪ੍ਰਣ ਕੀਤਾ। ਮੀਟਿੰਗ ਦੇ ਸ਼ੁਰੂ ਵਿੱਚ ਡੀਈਓ ਪ੍ਰਾਇਮਰੀ ਰਵਿੰਦਰ ਕੌਰ ਜੀ ਤੇ ਡਿਪਟੀ ਡੀਈਓ ਮਨੋਜ ਕੁਮਾਰ ਵੱਲੋਂ ਜ਼ਿਲ੍ਹਾ ਦਫ਼ਤਰ ਦੇ ਸਮੂਹ ਸਟਾਫ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਅਗਲੇ ਨਵੇਂ ਸਾਲ ਦੀ ਯੋਜਨਾਬੰਦੀ ਕੀਤੀ। ਇਸ ਮੀਟਿੰਗ ਵਿੱਚ ਸਮੂਹ ਦਫ਼ਤਰੀ ਸਟਾਫ, ਐੱਸਐੱਸਏ ਸਟਾਫ, ਐੱਮਆਈਐੱਸ ਵਿੰਗ ਅਤੇ ਅਕਾਦਮਿਕ ਸਪੋਰਟ ਗਰੁੱਪ ਨੇ ਭਾਗ ਲਿਆ।
ਡੀਈਓ ਰਵਿੰਦਰ ਕੌਰ ਨੇ ਪਿਛਲੇ ਸਾਲ ਦੌਰਾਨ ਕੀਤੇ ਸ਼ਲਾਘਾਯੋਗ ਕੰਮਾਂ ਲਈ ਸਾਰਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਅਤੇ ਸਮੂਹ ਸਟਾਫ ਨੇ ਪ੍ਰਣ ਕੀਤਾ ਕਿ ਪਿਛਲੇ ਸਾਲ ਦਾ ਸਾਰਾ ਪੈਂਡਿੰਗ ਕੰਮ ਖਤਮ ਕੀਤਾ ਜਾਵੇਗਾ ਅਤੇ ਨਵੇਂ ਸਾਲ ਦੌਰਾਨ ਸਾਰਾ ਕੰਮ ਮਿਲਵਰਤਨ ਦੁਆਰਾ ਸਮੂਹ ਬਲਾਕਾਂ ਅਤੇ ਸਕੂਲਾਂ ਨੂੰ ਨਾਲ ਲੈ ਕੇ ਕੀਤਾ ਜਾਵੇਗਾ। ਇਸ ਸਾਲ ਦੌਰਾਨ ਵਿਭਾਗੀ ਕੰਮ ਸਮੇਂ ਸਿਰ ਪੂਰੇ ਕਰਨ ਲਈ ਸਮੂਹ ਸਿੱਖਿਆ ਵਿਭਾਗ ਲੁਧਿਆਣਾ ਨੂੰ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਡੀਈਓ ਵੱਲੋਂ ਸੈਸ਼ਨ 2025-26 ਲਈ ਦਾਖ਼ਲਾ ਮੁਹਿੰਮ ਦਾ ਆਰੰਭ ਕਰਦੇ ਹੋਏ ਬਲਾਕ ਪੱਧਰ ਤੇ ਮੀਟਿੰਗਾਂ ਕਰਨ ਲਈ ਹਦਾਇਤ ਜਾਰੀ ਕੀਤੀ ਗਈ। ਸੈਸ਼ਨ ਦੌਰਾਨ ਬੱਚਿਆਂ ਨੂੰ ਸੈਸ਼ਨ ਸ਼ੁਰੂਆਤ ਸਮੇਂ ਹੀ ਕਿਤਾਬਾਂ ਦੇਣ ਲਈ ਕਿਤਾਬ ਬੈਂਕ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਅਧਿਆਪਕਾਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਦਾ ਸਮਾਂ ਦੇਣ ਲਈ ਘੱਟੋ-ਘੱਟ ਦਫ਼ਤਰੀ ਕੰਮ ਦੇਣ ਦੇ ਯਤਨ ਕੀਤੇ ਜਾਣ ਲਈ ਹਦਾਇਤ ਵੀ ਜਾਰੀ ਕੀਤੀ ਗਈ।
ਇਸ ਮੀਟਿੰਗ ਦੌਰਾਨ ਉਪ ਜ਼ਿਲਾ ਸਿੱਖਿਆ ਅਫ਼ਸਰ ਮਨੋਜ ਕੁਮਾਰ ਵੱਲੋਂ ਨਵੇਂ ਸਾਲ ਦੌਰਾਨ ਦਾਖ਼ਲਾ ਵਧਾਉਣ , ਪੈਂਡਿੰਗ ਕੰਮਾਂ ਦਾ ਨਿਪਟਾਰਾ ਕਰਨ ਅਤੇ ਰਿਵਾਈਜ਼ਡ ਕਿਤਾਬਾਂ ਅਨੁਸਾਰ ਸਮਝ ਅਧਾਰਿਤ ਸਿੱਖਿਆ ਦੇਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਵਿੱਚੋਂ ਮਹਿੰਦਰ ਸਿੰਘ (ਸੀਨੀਅਰ ਸਹਾਇਕ) ਵੱਲੋਂ, ਐਮਆਈਐਸ ਕੋਆਰਡੀਨੇਟਰ ਵਿਸ਼ਾਲ ਕੁਮਾਰ ਨੇ ਐਮਆਈਐਸ ਵਿੰਗ ਵੱਲੋਂ, ਸੀਮਾ ਨੇ ਐਸ.ਐਸ.ਏ ਵੱਲੋਂ ਅਤੇ ਜ਼ਿਲਾ ਕੋਆਰਡੀਨੇਟਰ ਅਕਾਦਮਿਕ ਸਪੋਰਟ ਗਰੁੱਪ ਮਨਮੀਤ ਪਾਲ ਸਿੰਘ ਨੇ ਟੀਮ ਵੱਲੋਂ ਡੀ.ਈ.ਓ ਨੂੰ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਦਾ ਭਰੋਸਾ ਦਿੱਤਾ।