ਜ਼ਿਮਨੀ ਚੋਣ: ਰਾਜਪੁਰਾ ਵਿੱਚ ‘ਆਪ’ ਉਮੀਦਵਾਰ ਸਰਵਾਰਾ ਜੇਤੂ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 21 ਦਸੰਬਰ
ਰਾਜਪੁਰਾ ਦੇ 31 ਵਾਰਡਾਂ ਵਿਚੋਂ ਵਾਰਡ ਨੰਬਰ-2 ਵਿੱਚ ਹੋਈ ਨਗਰ ਕੌਂਸਲ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਵੱਲੋਂ ਖੜੇ ਉਮੀਦਵਾਰ ਸੁਖਚੈਨ ਸਿੰਘ ਸਰਵਾਰਾ ਨੇ ਜਿੱਤ ਹਾਸਲ ਕੀਤੀ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਵਾਰਡ ਨੰਬਰ-2 ਵਿੱਚ ਕੁੱਲ 2505 ਵੋਟਾਂ ਵਿੱਚੋਂ 1347 ਵੋਟਾਂ ਪਈਆਂ। ਇਨ੍ਹਾਂ ਵੋਟਾਂ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਪਣੀ-ਆਪਣੀ ਕਿਸਮਤ ਅਜ਼ਮਾ ਰਹੇ ਸਨ। ਵੋਟਾਂ ਦੀ ਗਿਣਤੀ ਦੇ ਆਏ ਨਤੀਜਿਆਂ ਅਨੁਸਾਰ ਆਮ ਉਮੀਦਵਾਰ ਨੂੰ 662 , ਕਾਂਗਰਸੀ ਉਮੀਦਵਾਰ ਗੁਰਦਰਸ਼ਨ ਸਿੰਘ ਨੂੰ 404, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ 180 ਅਤੇ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੋਗਿੰਦਰ ਸਿੰਘ ਮਠਾੜੂ ਨੂੰ 90 ਪ੍ਰਾਪਤ ਹੋਈਆਂ ਹਨ। 11 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ ਹੈ। ਜਿੱਤ ਉਪਰੰਤ ‘ਆਪ’ ਸਮਰਥਕਾਂ ਨੇ ਫੁੱਲਾਂ ਦੇ ਹਾਰ ਪਾ ਕੇ ਸ੍ਰੀ ਸਰਵਾਰਾ ਦਾ ਸਵਾਗਤ ਕੀਤਾ ਅਤੇ ਪਾਰਟੀ ਪੱਖੀ ਨਾਅਰੇ ਲਗਾਏ। ਇਸ ਮੌਕੇ ਹਲਕਾ ਵਿਧਾਇਕਾ ਨੀਨਾ ਮਿੱਤਲ ਨੇ ਵਾਰਡ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਵਾਰਡ ਵਾਸੀਆਂ ਦੀ ਜਿੱਤ ਹੈ।
ਪਾਤੜਾਂ ਦੀ ਜ਼ਿਮਨੀ ਚੋਣ ’ਚ ‘ਆਪ’ ਜੇਤੂ
ਪਾਤੜਾਂ(ਗੁਰਨਾਮ ਸਿੰਘ ਚੌਹਾਨ): ਨਗਰ ਕੌਂਸਲ ਪਾਤੜਾਂ ਦੇ ਵਾਰਡ ਨੰਬਰ-16 ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਕ੍ਰਿਸ਼ਨ ਸਿੰਘ ਨੇ ਜਿੱਤ ਲਈ ਹੈ। ਇਹ ਸੀਟ ‘ਆਪ’ ਕੌਂਸਲਰ ਲਾਲੀ ਮਹੰਤ ਦੀ ਮੌਤ ਮਗਰੋਂ ਖਾਲੀ ਹੋਈ ਸੀ। ਦੱਸਣਯੋਗ ਹੈ ਕਿ ਥਰਡ ਜੈਂਡਰ ਨਾਲ ਸਬੰਧਤ ਲਾਲੀ ਮਹੰਤ ਪਿਛਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਜਿੱਤਣ ਵਾਲੀ ਇਕਲੌਤੀ ਕੌਂਸਲਰ ਸੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਕ੍ਰਿਸ਼ਨ ਸਿੰਘ ਨੇ 558 ਵੋਟਾਂ ਹਾਸਲ ਕੀਤੀਆਂ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਆਜ਼ਾਦ ਉਮੀਦਵਾਰ ਭੋਲਾ ਸਿੰਘ ਨੂੰ 498 ਵੋਟਾਂ ਹਾਸਲ ਹੋਈਆਂ।