ਜਵੱਦੀ ਟਕਸਾਲ ਵਿੱਚ ਵਿਸ਼ਵ ਕਾਨਫਰੰਸ ਸਮਾਪਤ
ਗੁਰਿੰਦਰ ਸਿੰਘ
ਲੁਧਿਆਣਾ, 11 ਮਈ
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਗੁਰੂ ਤੇਗ ਬਹਾਦਰ ਸਾਹਿਬ, ਭਾਈ ਸਤੀ ਦਾਸ, ਭਾਈ ਮਤੀ ਦਾਸ ਤੇ ਭਾਈ ਦਿਆਲਾ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਵਿਸ਼ਵ ਕਾਨਫਰੰਸ ਦੇ ਅੰਤਲੇ ਦਿਨ ਅੱਜ ਵੱਖ ਵੱਖ ਵਿਦਵਾਨਾਂ ਨੇ ਗੁਰੂ ਦੇ ਜੀਵਨ, ਬਾਣੀ ਅਤੇ ਸ਼ਹਾਦਤ ਬਾਰੇ ਆਪਣੇ ਵਿਚਾਰ ਰੱਖੇ।
ਇਸ ਮੌਕੇ ਪੁਰਾਤਨ ਗੁਰਮਤਿ ਸੰਗੀਤ ਸ਼ੈਲੀ ਦੇ ਪਾਸਾਰ ਲਈ ਯਤਨਸ਼ੀਲ ਭਾਈ ਬਲਦੀਪ ਸਿੰਘ ਨੂੰ ਸੰਤ ਅਮੀਰ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ, ਗਿ. ਬਲਜੀਤ ਸਿੰਘ, ਭਾਈ ਪਿੰਦਰਪਾਲ ਸਿੰਘ, ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਅਤੇ ਬਾਬਾ ਗੁਰਮਤਿ ਸਿੰਘ ਖੋਸਾ ਕੋਟਲਾ ਨੇ ਸਨਮਾਨਿਤ ਕੀਤਾ।
ਕਾਨਫਰੰਸ ਦੇ ਮੁੱਖ ਪ੍ਰਬੰਧਕ ਸੰਤ ਗਿਆਨੀ ਅਮੀਰ ਸਿੰਘ ਨੇ ਆਏ ਵਿਦਵਾਨਾਂ ਅਤੇ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਧਰਮ ਦੀ ਆਜ਼ਾਦੀ ਬਚਾਉਣ ਲਈ ਆਪਣਾ ਸੀਸ ਭੇਟ ਕੀਤਾ ਸੀ। ਜਿਸ ਦਾ ਸਪੱਸ਼ਟ ਭਾਵ ਹੈ ਕਿ ਹਰ ਮਨੁੱਖ ਆਪਣੇ ਧਰਮ ਦੀਆਂ ਕਦਰਾਂ ਕੀਮਤਾਂ ਅਨੁਸਾਰ ਆਪਣਾ ਜੀਵਨ ਬਸਰ ਕਰੇ। ਗੁਰੂ ਨਾਨਕ ਦੇਵ ਦੇ ਵੰਸ਼ ਵਿੱਚੋਂ ਬਾਬਾ ਸਰਬਜੋਤ ਸਿੰਘ ਬੇਦੀ, ਵਾਤਾਵਰਨ ਪ੍ਰੇਮੀ ਸੰਤ ਬਾਬਾ ਸੇਵਾ ਸਿੰਘ ਖੰਡੂਰ ਸਾਹਿਬ, ਵਿਦਵਾਨ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਅਤੇ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਨੇ ਅਜੋਕੇ ਹਾਲਾਤਾਂ ਦੀ ਫ਼ਿਕਰਮੰਦੀ ਸਾਂਝੀ ਕਰਦਿਆਂ ਕਿਹਾ ਕਿ ਨਵੀਂ ਪੀੜੀ ਵਿੱਚ ਮੂਲ ਗ੍ਰੰਥਾਂ ਨੂੰ ਪੜਨ ਦੀ ਘਟਦੀ ਜਾ ਰਹੀ ਰੁਚੀ ਚਿੰਤਾ ਦਾ ਵਿਸ਼ਾ ਹੈ। ਇੰਟਰਨੈਟ ਨਾਲ ਜੁੜੇ ਲੋਕ ਆਪਣੇ ਧਰਮ ਅਤੇ ਵਿਰਾਸਤ ਨਾਲ ਸਬੰਧਿਤ ਪ੍ਰਸ਼ਨਾਂ ਦੇ ਉੱਤਰ ਇਲੈਕਟਰੋਨਿਕਸ ਮੀਡੀਆ ਰਾਹੀਂ ਲੱਭਣ ਲਈ ਯਤਨਸ਼ੀਲ ਰਹਿੰਦੇ ਹਨ ਪਰ ਉੱਥੋਂ ਉਹੀ ਜਾਣਕਾਰੀ ਮਿਲਦੀ ਹੈ, ਜਿਹੜੀ ਕਿਸੇ ਮਨੁੱਖ ਨੇ ਦਰਜ ਕੀਤੀ ਹੋਵੇ ਜੋ ਕਈ ਵਾਰ ਠੀਕ ਨਹੀਂ ਹੁੰਦੀ।
ਇਸ ਮੌਕੇ ਭਾਈ ਚਰਨਜੀਤ ਸਿੰਘ ਬਿਲਾਸਪੁਰ ਅਤੇ ਡਾ. ਜਗਮੋਹਣ ਸਿੰਘ ਗਿੱਲ ਕੋਲਕਾਤਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਤਾਬਦੀ ਮੌਕੇ ਗੁਰੂ ਸਾਹਿਬ ਦੇ ਜੀਵਨ ਅਤੇ ਬਾਣੀ ਸਬੰਧੀ ਜਾਣਕਾਰੀ ਦੇਣ ਲਈ ਵੱਖ ਵੱਖ ਭਾਸ਼ਾਵਾਂ ਵਿਚ ਸਾਹਿਤ ਛਪਵਾ ਕੇ ਵੰਡਣ ਦੀ ਲੋੜ ਹੈ।
ਉੱਘੇ ਸਿੱਖ ਚਿੰਤਕ ਰਣਜੋਧ ਸਿੰਘ, ਡਾ. ਕੁਲਦੀਪ ਅਗਨੀਹੋਤਰੀ ਧਰਮਸ਼ਾਲਾ, ਡਾ. ਅਨੁਰਾਗ ਸਿੰਘ, ਡਾ. ਸਹਿਜਪਾਲ ਸਿੰਘ, ਡਾ. ਗੁਰਪਾਲ ਸਿੰਘ ਸੰਧੂ ਪੰਜਾਬ ਯੂਨੀਵਰਸਿਟੀ, ਡਾ. ਸ਼ਤੀਸ਼ ਕੁਮਾਰ ਸ਼ਰਮਾ, ਡਾ. ਅੰਜੂ ਸੂਰੀ, ਪ੍ਰਿ: ਡਾ. ਬਲਜੀਤ ਸਿੰਘ ਗਿੱਲ, ਡਾ. ਰਾਜਿੰਦਰ ਕੌਰ, ਡਾ. ਭਗਵਾਨ ਸਿੰਘ, ਡਾ. ਜਗਦੀਪ ਕੌਰ, ਡਾ. ਗੁਰਤੇਜ ਸਿੰਘ ਠੀਕਰੀਵਾਲਾ, ਡਾ. ਰਵੇਲ ਸਿੰਘ ਦਿੱਲੀ, ਡਾ. ਬਹਾਦਰ ਸਿੰਘ, ਡਾ. ਅਮਰਜੀਤ ਕੌਰ, ਡਾ. ਗੁਰਦੀਪ ਕੌਰ, ਡਾ. ਸੁਖਪਾਲ ਕੌਰ, ਪ੍ਰਿੰਸੀਪਲ ਜਸਪਾਲ ਕੌਰ, ਪ੍ਰੋ. ਆਸਾ ਸਿੰਘ ਘੁੰਮਣ, ਖੋਜੀ ਭਗਵਾਨ ਸਿੰਘ ਢਿੱਲੋਂ, ਡਾ. ਬਹਾਦਰ ਸਿੰਘ, ਡਾ. ਇੰਦਰਜੀਤ ਕੌਰ, ਡਾ. ਵਰਿੰਦਰ ਸਿੰਘ ਅਤੇ ਪ੍ਰੋ. ਸਰਬਜੀਤ ਕੌਰ ਸੰਧਾਵਾਲੀਆ ਤੇ ਹੋਰਨਾਂ ਨੇ ਅਜੋਕੇ ਦੌਰ ’ਚ ਗੁਰੂ ਤੇਗ ਬਹਾਦਰ ਦੇ ਵੱਖ ਵੱਖ ਪੱਖਾਂ ਬਾਰੇ ਜਾਣਕਾਰੀ ਦਿੱਤੀ।