ਜਵੱਦੀ ਟਕਸਾਲ ਵਿੱਚ ਨਵੀਂ ਇਮਾਰਤ ਦਾ ਨੀਂਹ ਪੱਥਰ
ਲੁਧਿਆਣਾ, 13 ਜਨਵਰੀ
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਵੱਲੋਂ ਪੰਜ ਪਿਆਰਿਆਂ ਨਾਲ ਮਲਟੀਪਲੈਕਸ ਇਮਾਰਤ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਜਿਸ ਵਿੱਚ ਸੁੱਖ ਸਾਗਰ ਡਿਸਪੈਂਸਰੀ, ਲਾਇਬ੍ਰੇਰੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਰਿਹਾਇਸ਼ੀ ਕੰਪਲੈਕਸ ਹੈ। ਗੁਰਮਤਿ ਮਰਿਆਦਾ ਅਨੁਸਾਰ ਗੁਰਬਾਣੀ ਸ਼ਬਦਾਂ ਦੇ ਪਾਠ, ਗੁਰਮੰਤਰ ਦੇ ਜਾਪ ਅਤੇ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿੱਚ ਨਵੀਂ ਬਣਨ ਵਾਲੀ ਇਮਾਰਤ ਦੀ ਨੀਂਹ ਰੱਖੀ ਗਈ। ਇਸ ਮੌਕੇ ਸੰਤ ਬਾਬਾ ਅਮੀਰ ਸਿੰਘ ਨੇ ਦੱਸਿਆ ਕਿ ਇਸ ਇਮਾਰਤ ਅੰਦਰ ਮੁਫ਼ਤ ਡਿਸਪੈਂਸਰੀ, ਲਾਇਬ੍ਰੇਰੀ ਅਤੇ ਸੰਗਤ ਲਈ ਰਿਹਾਇਸ਼ ਸਮੇਤ ਹੋਰ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਹੈ।
ਇਸ ਮੌਕੇ ਡਾ. ਜੋਗਿੰਦਰ ਸਿੰਘ ਨੇ ਬਾਬਾ ਅਮੀਰ ਸਿੰਘ ਦੀ ਦੂਰਦਰਸ਼ੀ ਸੋਚ, ਨਿਰਣਾਇਕਤਾ ਅਤੇ ਸਮਾਜ ਸੇਵੀ ਕਾਰਜਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਅਜੋਕੇ ਦੌਰ ’ਚ ਜਵੱਦੀ ਟਕਸਾਲ ਗੁਰਬਾਣੀ ਪ੍ਰਚਾਰ, ਪਸਾਰ ਅਤੇ ਗੁਰਮਤਿ ਸੰਗੀਤ ਦੇ ਖੇਤਰ ’ਚ ਸੰਗਤ ਲਈ ਪ੍ਰੇਰਨਾ ਸਰੋਤ ਅਤੇ ਮਾਰਗਦਰਸ਼ਨ ਕਰਦੀ ਆ ਰਹੀ ਹੈ। ਇਸ ਮੌਕੇ ਨਾਮ ਸਿਮਰਨ ਸਮਾਗਮ ਵੀ ਕਰਵਾਇਆ ਗਿਆ ਜਿਸ ਵਿੱਚ ਮਹਾਪੁਰਸ਼ਾਂ ਨੇ ਗੁਰਮਤਿ ਜੀਵਨ ਦੀ ਜੁਗਤ, ਮਨੁੱਖ ਤੋਂ ਸਿੱਖ ਅਤੇ ਸਿੱਖ ਤੋਂ ਦੇਵਤਾ ਹੋਣ ਤੱਕ ਦੀ ਰੂਹਾਨੀ ਯਾਤਰਾ ਅਤੇ ਅਗਿਆਨ ਤੋਂ ਗਿਆਨ ਤੱਕ ਦੀ ਅਵਸਥਾ ਵਿਸ਼ੇ ’ਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।