ਜਰਮਨੀ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੇ ਮਾਮਲੇ ’ਚ ਇੱਕ ਹੋਰ ਮੁਲਜ਼ਮ ਕਾਬੂ
ਵਰਕ ਵੀਜ਼ੇ ਦੇ ਆਧਾਰ ’ਤੇ ਇੱਕ ਵਿਅਕਤੀ ਨੂੰ ਜਰਮਨੀ ਭੇਜਣ ਦੇ ਨਾਂ ’ਤੇ 29 ਲੱਖ 73 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਪੁਲੀਸ ਨੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਪ੍ਰਵੀਨ ਕੁਮਾਰ ਵਾਸੀ ਪਿੰਡ ਪੀਰ ਖੇੜਾ, ਸਿਰਸਾ ਵਜੋਂ ਕੀਤੀ ਗਈ ਹੈ। ਇਸ ਮਾਮਲੇ ’ਚ ਪੁਲੀਸ ਨੇ ਇੱਕ ਮੁਲਜ਼ਮ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਸਬੰਧੀ ਐੱਸਪੀ ਵਿਕਰਾਂਸ਼ ਭੂਸ਼ਨ ਨੇ ਦੱਸਿਆ ਹੈ ਕਿ ਪਵਨ ਕੁਮਾਰ ਪੁੱਤਰ ਜੈ ਨਰਾਇਣ ਵਾਸੀ ਦੜ੍ਹਬਾ ਕਲਾਂ ਦੀ ਸ਼ਿਕਾਇਤ ’ਤੇ ਥਾਣਾ ਨਾਥੂਸਰੀ ਚੌਪਾਟਾ ਵਿੱਚ ਧੋਖਾਧੜੀ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਸੀ ਜਿਸ ਮਗਰੋਂ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਪੀੜਤ ਨੌਜਵਾਨਾਂ ਨੂੰ ਜਰਮਨੀ ਭੇਜਣ ਦੀ ਬਜਾਇ ਅਰਮੇਨੀਆ ਅਤੇ ਦੁਬਈ ਭੇਜ ਕੇ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਜੋ ਵੀ ਇਸ ਮਾਮਲੇ ਵਿੱਚ ਸ਼ਾਮਲ ਮਿਲਿਆ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਸੁਪਰਡੈਂਟ ਨੇ ਆਮ ਲੋਕਾਂ ਨੂੰ ਸਟੱਡੀ ਅਤੇ ਵਰਕ ਵੀਜ਼ਿਆਂ ਲਈ ਪੱਤਰ ਵਿਹਾਰ ਕਰਦੇ ਸਮੇਂ ਸਿਰਫ਼ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਇਮੀਗ੍ਰੇਸ਼ਨ ਸੈਂਟਰ ਸੰਚਾਲਕਾਂ ਨਾਲ ਸੰਪਰਕ ਕਰਨ ਦੀ ਗੱਲ ਕਹੀ ਹੈ।