ਜਮਹੂਰੀ ਅਧਿਕਾਰ ਸਭਾ ਵੱਲੋਂ ਨੂਰਪੁਰ ਬੇਟ ’ਚ ਲੱਗੇ ਕਾਰਕਸ ਪਲਾਂਟ ਬਾਰੇ ਰਿਪੋਰਟ ਨਸ਼ਰ
ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਸਤੰਬਰ
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜਾਂਚ ਟੀਮ ਨੇ ਨੂਰਪੁਰ ਬੇਟ ਇਲਾਕੇ ’ਚ ਲੱਗੇ ਕਾਰਕਸ ਪਲਾਂਟ ਬਾਰੇ ਕੀਤੀ ਜਾਂਚ ਦੀ ਰਿਪੋਰਟ ਜਾਰੀ ਕਰ ਦਿੱਤੀ ਹੈ। ਇਸ ਜਾਂਚ ਟੀਮ ਵਿੱਚ ਸਭਾ ਦੇ ਸੂਬਾ ਪ੍ਰਧਾਨ ਪ੍ਰੋ. ਜਗਮੋਹਨ ਸਿੰਘ, ਜਸਵੰਤ ਜੀਰਖ, ਪਰਮਜੀਤ ਸਿੰਘ ਪਨੇਸਰ ਅਤੇ ਬਲਵਿੰਦਰ ਸਿੰਘ ਆਦਿ ਸ਼ਾਮਲ ਹਨ। ਟੀਮ ਨੇ ਪਲਾਂਟ ਦੇ ਵਿਰੋਧ ’ਚ ਧਰਨਾ ਦੇ ਰਹੇ ਲੋਕਾਂ ਨੂੰ ਪੁੱਛਣ ’ਤੇ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਨੂੰ ਬਦਬੂ ਅਤੇ ਮੱਖੀਆਂ ਦੀ ਵੱਡੀ ਭਰਮਾਰ ਮੁੱਖ ਸਮੱਸਿਆ ਹੈ। ਇਸ ਦੀ ਲਪੇਟ ’ਚ ਕਰੀਬ ਡੇਢ ਦਰਜਨ ਪਿੰਡ ਆ ਰਹੇ ਹਨ। ਜਾਂਚ ਦੌਰਾਨ ਕੇਂਦਰ ਅਤੇ ਪੰਜਾਬ ਪ੍ਰਦੂਸ਼ਣ ਬੋਰਡ ਦੀਆਂ ਉਨ੍ਹਾਂ ਰਿਪੋਰਟਾਂ ਦੀ ਘੋਖ ਵੀ ਕੀਤੀ ਗਈ ਜਿਹੜੀਆਂ ਲਾਡੋਵਾਲ ਵਿਖੇ ਚੱਲ ਰਹੀ ਹੱਡਾਰੋੜੀ ਕਾਰਨ ਹੋ ਰਹੇ ਨੂੁਕਸਾਨਾਂ ਨੂੰ ਘਟਾਉਣ ਲਈ ਮਕੈਨੀਕਲ ਪਲਾਂਟ ਲਗਾਉਣ ਸਬੰਧੀ ਕੀਤੀਆਂ ਹੋਈਆਂ ਹਨ।
ਜਾਂਚ ਰਿਪੋਰਟ ਅਨੁਸਾਰ ਨੂਰਪੁਰ ਪਲਾਂਟ ’ਤੇ 7.98 ਕਰੋੜ ਖਰਚਿਆ ਗਿਆ ਜਿੱਥੇ 50 ਵੱਡੇ ਅਤੇ 100 ਛੋਟੇ ਪਸ਼ੂ ਨਿਪਟਦੇ ਹਨ। ਇਸ ਪਲਾਂਟ ਰਾਹੀਂ ਹੋਣ ਵਾਲੇ ਨੁਕਸਾਨ ਦੀ ਭਰਪਾਈ, ਇਹ ਪਲਾਂਟ ਲਗਾਉਣ ਦਾ ਫੈਸਲਾ ਲੈਣ ਵਾਲਿਆਂ ਪਾਸੋਂ ਵਸੂਲਣ ਦੀ ਮੰਗ ਕੀਤੀ ਹੈ।