ਜਬਰ-ਜਨਾਹ ਦੀ ਕੋਸ਼ਿਸ਼ ਕਰਨ ਵਾਲਾ ਸਹੁਰਾ ਗ੍ਰਿਫ਼ਤਾਰ
ਜਗਜੀਤ ਸਿੰਘ/ਭਗਵਾਨ ਦਾਸ ਸੰਦਲ,
ਮੁਕੇਰੀਆਂ/ਦਸੂਹਾ, 8 ਅਪਰੈਲ
ਇੱਥੋਂ ਦੇ ਪਿੰਡ ਬਲਹੱਡਾ ਦੀ ਇੱਕ ਵਿਆਹੁਤਾ ਦੀ ਸ਼ਿਕਾਇਤ ’ਤੇ ਦਸੂਹਾ ਪੁਲੀਸ ਨੇ ਸਹੁਰੇ ਖਿਲਾਫ਼ ਜਬਰੀ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਨ ਅਤੇ ਕੁੱਟਮਾਰ ਕਰਨ ਸਬੰਧੀ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਸਿਵਲ ਹਸਪਤਾਲ ਦਸੂਹਾ ਵਿੱਚ ਜ਼ੇਰੇ ਇਲਾਜ ਪੀੜਤਾ ਨੇ ਦੱਸਿਆ ਕਿ ਉਸ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸਦਾ ਪਤੀ ਜਰਮਨੀ ਰਹਿੰਦਾ ਹੈ। ਕਰੀਬ ਦੋ ਸਾਲ ਪਹਿਲਾਂ ਉਸ ਦੀ ਸੱਸ ਦੀ ਮੌਤ ਹੋ ਜਾਣ ਤੋਂ ਬਾਅਦ ਹੀ ਉਸ ਦਾ ਸਹੁਰਾ ਬਿਕਰਮ ਸਿੰਘ ਉਸ ’ਤੇ ਗਲਤ ਨਜ਼ਰ ਰੱਖਦਾ ਸੀ, ਪਰ ਉਹ ਪਰਿਵਾਰਕ ਬਦਨਾਮੀ ਦੇ ਡਰੋਂ ਇਸ ਨੂੰ ਅਣਗੌਲਿਆ ਕਰਦੀ ਰਹੀ। ਬੀਤੇ ਦਿਨੀ ਉਸਦੇ ਸਹੁਰੇ ਨੇ ਨਸ਼ੇ ਵਿੱਚ ਧੁੱਤ ਹੋ ਕੇ ਉਸ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ ਕੀਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦੇ ਸਹੁਰੇ ਨੇ ਉਸ ਦੀ ਕੁੱਟਮਾਰ ਕੀਤੀ। ਰੌਲਾ ਪੈਣ ’ਤੇ ਉਸ ਦੇ ਗੁਆਂਢੀਆਂ ਨੇ ਪੀੜਤਾ ਦੇ ਪਰਿਵਾਰ ਨੂੰ ਸੂਚਿਤ ਕੀਤਾ, ਜਿਨ੍ਹਾਂ ਵੱਲੋਂ ਉਸਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਜਿੱਥੇ ਕਿ ਉਹ ਜ਼ੇਰੇ ਇਲਾਜ ਹੈ। ਐੱਸਐੱਚਓ ਦਸੂਹਾ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ’ਤੇ ਉਸ ਦੇ ਸਹੁਰੇ ਬਿਕਰਮ ਸਿੰਘ ਖਿਲਾਫ਼ ਵੱਖ ਵੱਖ ਧਾਰਾਵਾਂ ਅਧੀਨ ਕੇਸ ਦਰਜ਼ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।