ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਦੋਂ ਗੁਰਸ਼ਰਨ ਕੌਰ ਜਿੱਤੀ, ਮਨਮੋਹਨ ਸਿੰਘ ਹਾਰੇ

04:47 AM Dec 30, 2024 IST

ਨਵਦੀਪ ਸਿੰਘ ਗਿੱਲ
ਸਾਲ 2010 ਦੀ ਗੱਲ ਹੈ, ਭਾਰਤ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਸੀ। 14 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਖੇਡਾਂ ਦਾ ਆਖਿ਼ਰੀ ਦਿਨ ਸੀ ਅਤੇ ਤਗ਼ਮਾ ਸੂਚੀ ਵਿੱਚ ਭਾਰਤ 36 ਸੋਨ ਤਗ਼ਮਿਆਂ ਨਾਲ ਤੀਜੇ ਨੰਬਰ ਉਤੇ ਚੱਲ ਰਿਹਾ ਸੀ। ਦੂਜੇ ਨੰਬਰ ਉਤੇ ਚੱਲ ਰਹੇ ਇੰਗਲੈਂਡ ਨੇ 37 ਸੋਨ ਤਗ਼ਮੇ ਜਿੱਤੇ ਸਨ। ਆਸਟਰੇਲੀਆ 70 ਤੋਂ ਵੱਧ ਸੋਨ ਤਗ਼ਮਿਆਂ ਨਾਲ ਚੋਟੀ ਦੀ ਪੁਜ਼ੀਸ਼ਨ ਪੱਕੀ ਕਰ ਚੁੱਕਾ ਸੀ। ਭਾਰਤ ਨੂੰ ਦੂਜੇ ਨੰਬਰ ਉਤੇ ਆਉਣ ਲਈ ਦੋ ਸੋਨ ਤਗ਼ਮਿਆਂ ਦੀ ਲੋੜ ਸੀ, ਕਿਉਂਕਿ ਚਾਂਦੀ ਦੇ ਤਗ਼ਮੇ ਜਿੱਤਣ ਵਿੱਚ ਇੰਗਲੈਂਡ ਮੇਜ਼ਬਾਨ ਭਾਰਤ ਨਾਲੋਂ ਕਾਫੀ ਅੱਗੇ ਸੀ।
ਆਖ਼ਿਰੀ ਦਿਨ ਭਾਰਤ ਦੇ ਖਿਡਾਰੀ ਤਿੰਨ ਫਾਈਨਲ ਖੇਡ ਰਹੇ ਸਨ ਅਤੇ ਦੋ ਜਿੱਤਾਂ ਨਾਲ ਇਹ ਇੰਗਲੈਂਡ ਨੂੰ ਪਾਰ ਕਰ ਸਕਦਾ ਸੀ। ਦੋ ਫਾਈਨਲ ਬੈਡਮਿੰਟਨ ਵਿੱਚ, ਮਹਿਲਾ ਡਬਲਜ਼ ਤੇ ਸਿੰਗਲਜ਼; ਤੀਜਾ ਫਾਈਨਲ ਹਾਕੀ ਵਿੱਚ ਪੁਰਸ਼ਾਂ ਦੇ ਵਰਗ ਵਿੱਚ ਹੋਣਾ ਸੀ। ਸਿਰੀ ਫੋਰਟ ਸਪੋਰਟਸ ਕੰਪਲੈਕਸ ਵਿੱਚ ਬੈਡਮਿੰਟਨ ਦੇ ਪਹਿਲੇ ਫਾਈਨਲ ਵਿੱਚ ਭਾਰਤੀ ਜੋੜੀ ਜਵਾਲਾ ਗੁੱਟਾ ਤੇ ਅਸ਼ਵਨੀ ਪੋਨੱਪਾ ਨੇ ਭਾਰਤ ਲਈ 37ਵਾਂ ਸੋਨ ਤਗ਼ਮਾ ਜਿੱਤ ਕੇ ਇਕ ਕਦਮ ਅੱਗੇ ਵਧਾ ਲਿਆ। ਹੁਣ ਭਾਰਤ ਤੇ ਇੰਗਲੈਂਡ ਵਿਚਾਲੇ ਇਕ ਸੋਨ ਤਗ਼ਮੇ ਦਾ ਫਰਕ ਸੀ। ਬੈਡਮਿੰਟਨ ਵਿੱਚ ਸਾਇਨਾ ਨੇਹਵਾਲ ਨੇ ਮਲੇਸ਼ੀਆ ਦੀ ਮੀਓ ਵੌਂਗ ਨਾਲ ਫਾਈਨਲ ਖੇਡਣਾ ਸੀ; ਦੂਜੇ ਪਾਸੇ ਬੈਡਮਿੰਟਨ ਕੋਰਟ ਤੋਂ 10 ਕਿਲੋਮੀਟਰ ਦੂਰ ਮੇਜਰ ਧਿਆਨ ਚੰਦ ਨੈਸ਼ਨਲ ਹਾਕੀ ਸਟੇਡੀਅਮ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਆਸਟਰੇਲੀਆ ਖਿਲਾਫ ਫਾਈਨਲ ਮੈਚ ਖੇਡਣਾ ਸੀ।
ਬੈਡਮਿੰਟਨ ਫਾਈਨਲ ਤੇ ਹਾਕੀ ਫਾਈਨਲ ਦਾ ਸਮਾਂ ਇਕੋ ਸੀ। ਭਾਰਤੀ ਖੇਡ ਪ੍ਰੇਮੀਆਂ ਦੀ ਅੱਖ ਦੋਵਾਂ ਫਾਈਨਲਾਂ ਉਤੇ ਸੀ ਅਤੇ ਨਵੀਂ ਦਿੱਲੀ ਵਿੱਚ ਮੌਜੂਦ ਖੇਡ ਪ੍ਰੇਮੀ ਹਾਕੀ ਸਟੇਡੀਅਮ ਵੀ ਪੁੱਜ ਰਹੇ ਸਨ ਤੇ ਬੈਡਮਿੰਟਨ ਕੋਰਟ ਵੀ। ਕਈ ਖੇਡ ਪ੍ਰੇਮੀ ਦੋਵੇਂ ਮੁਕਾਬਲੇ ਦੇਖਣ ਦੇ ਇਛੁੱਕ ਸਨ ਪਰ ਸਮਾਂ ਇਕੋ ਹੋਣ ਕਾਰਨ ਉਹ ਸਿਰਫ਼ ਇਕੋ ਥਾਂ ਹੀ ਪੁੱਜੇ। ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ ਵੀ ਵੰਡ ਕੇ ਦੋਵਾਂ ਥਾਵਾਂ ਉਤੇ ਪੁੱਜੇ। ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਹਾਕੀ ਮੈਚ ਦੇਖਣ ਨੂੰ ਤਰਜੀਹ ਦਿੱਤੀ; ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਨੇ ਬੈਡਮਿੰਟਨ ਕੋਰਟ ਪੁੱਜ ਕੇ ਸਾਇਨਾ ਨੇਹਵਾਲ ਦੀ ਹੌਸਲਾ ਅਫ਼ਜ਼ਾਈ ਕਰਨ ਦਾ ਫੈਸਲਾ ਕੀਤਾ।
ਹਾਕੀ ਮੈਚ ਵਿੱਚ ਆਸਟਰੇਲੀਆ ਨੇ ਮੁੱਢ ਤੋਂ ਹੀ ਦਬਦਬਾ ਬਣਾ ਲਿਆ। ਆਸਟੇਰਲੀਅਨ ਖਿਡਾਰੀ ਉਪਰੋਥਲੀ ਗੋਲ ਕਰਨ ਲੱਗੇ। ਅੰਤ ਆਸਟਰੇਲੀਆ ਨੇ 8-0 ਨਾਲ ਭਾਰਤ ਨੂੰ ਕਰਾਰੀ ਹਰਾ ਦਿੰਦਿਆਂ ਸੋਨ ਤਗ਼ਮਾ ਜਿੱਤ ਲਿਆ। ਮੈਦਾਨ ਵਿੱਚ ਮੌਜੂਦ ਡਾ. ਮਨਮੋਹਨ ਸਿੰਘ ਸਮੇਤ ਭਾਰਤੀ ਖੇਡ ਅਧਿਕਾਰੀਆਂ ਤੇ ਦਰਸ਼ਕਾਂ ਦੇ ਚਿਹਰੇ ਉਪਰ ਨਿਰਾਸ਼ਾ ਸਾਫ ਦੇਖੀ ਜਾ ਸਕਦੀ ਜਿਵੇਂ 28 ਸਾਲ ਪਹਿਲਾਂ ਨਵੀਂ ਦਿੱਲੀ ਦੇ ਇਸੇ ਸਟੇਡੀਅਮ ਵਿੱਚ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਭਾਰਤ ਦੇ ਪਾਕਿਸਤਾਨ ਹੱਥੋਂ 1-7 ਨਾਲ ਹਾਰਨ ਤੋਂ ਬਾਅਦ ਉਸ ਵੇਲੇ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਮੇਤ ਭਾਰਤੀ ਖੇਡ ਦਰਸ਼ਕ ਨਿਰਾਸ਼ ਹੋਏ ਸਨ। ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਤੋਂ ਬਾਅਦ ਡਾ. ਮਨਮੋਹਨ ਸਿੰਘ ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਮਿਲੇ ਅਤੇ ਵਧਾਈ ਦਿੱਤੀ।
ਦੂਜੇ ਪਾਸੇ ਸਾਇਨਾ ਨੇਹਵਾਲ ਪਹਿਲੀ ਗੇਮ ਮੀਓ ਵੌਂਗ ਹੱਥੋਂ ਕਰੜੇ ਮੁਕਾਬਲੇ ਬਾਅਦ 19-21 ਨਾਲ ਹਾਰ ਗਈ। ਦਰਸ਼ਕ ਗੈਲਰੀ ਵਿੱਚ ਗੁਰਸ਼ਰਨ ਕੌਰ ਸਮੇਤ ਸਮੂਹ ਖੇਡ ਪ੍ਰੇਮੀ ਸਾਇਨਾ ਨੂੰ ਹੱਲਾਸ਼ੇਰੀ ਦੇ ਰਹੇ ਸਨ। ਸਾਇਨਾ ਨੇ ਜ਼ਬਰਦਸਤ ਵਾਪਸੀ ਕਰਦਿਆਂ ਦੂਜੀ ਗੇਮ ਟਾਈਬ੍ਰੇਕਰ ਵਿੱਚ 23-21 ਨਾਲ ਜਿੱਤ ਲਈ। ਹੁਣ ਸਾਇਨਾ ਦੀ ਜਿੱਤ ਅਤੇ ਭਾਰਤ ਦੀ ਦੂਜੀ ਪੁਜ਼ੀਸ਼ਨ ਵਿਚਾਲੇ ਇਕ ਗੇਮ ਦੀ ਜਿੱਤ ਦਾ ਫਰਕ ਸੀ। ਤੀਜੀ ਗੇਮ ਵਿੱਚ ਸਾਇਨਾ ਵਿੱਚ ਗ਼ਜ਼ਬ ਦੀ ਤੇਜ਼ੀ ਦੇਖਣ ਨੂੰ ਮਿਲੀ ਅਤੇ ਉਸ ਨੇ 21-13 ਨਾਲ ਗੇਮ ਆਪਣੇ ਨਾਮ ਕਰਦਿਆਂ ਭਾਰਤ ਨੂੰ 38ਵਾਂ ਸੋਨ ਤਗ਼ਮਾ ਜਿਤਾਇਆ। ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਪਹਿਲੀ ਵਾਰ ਦੂਜੇ ਨੰਬਰ ’ਤੇ ਆਇਆ। ਸਾਇਨਾ ਨੇ ਫਾਈਨਲ ਦੀ ਜਿੱਤ ਤੋਂ ਬਾਅਦ ਭਾਵੁਕ ਹੁੰਦਿਆਂ ਆਪਣਾ ਜਾਦੂਈ ਰੈਕਟ ਦਰਸ਼ਕਾਂ ਵੱਲ ਸੁੱਟ ਦਿੱਤਾ ਜੋ ਕਿਸੇ ਦਰਸ਼ਕ ਨੇ ਕੈਚ ਕਰ ਲਿਆ। ਸਾਇਨਾ ਇੰਨੀ ਭਾਵੁਕ ਹੋ ਗਈ ਕਿ ਪਸੀਨੇ ਨਾਲ ਭਿੱਜੀ ਸਾਇਨਾ ਨੂੰ ਫੜਾਏ ਤੌਲੀਏ ਨੂੰ ਵੀ ਉਸ ਨੇ ਦਰਸ਼ਕਾਂ ਵੱਲ ਉਛਾਲ ਦਿੱਤਾ ਅਤੇ ਇਕ ਪੁਲੀਸ ਕਰਮੀ ਨੇ ਉਹ ਫੜ ਲਿਆ। ਗੁਰਸ਼ਰਨ ਕੌਰ ਤਾੜੀਆਂ ਮਾਰ ਕੇ ਭਾਰਤ ਦੀ ਮਹਾਨ ਖਿਡਾਰਨ ਨੂੰ ਵਧਾਈ ਦੇ ਰਹੇ ਸਨ। ਅਗਲੇ ਦਿਨ ਕੁਝ ਅਖਬਾਰਾਂ ਦੀ ਸੁਰਖੀ ਸੀ- ‘ਗੁਰਸ਼ਰਨ ਕੌਰ ਜਿੱਤੇ, ਮਨਮੋਹਨ ਸਿੰਘ ਹਾਰੇ।’
ਆਪਣੇ ਸ਼ਾਂਤਚਿੱਤ ਸੁਭਾਅ ਅਤੇ ਆਰਥਿਕ ਮਾਮਲਿਆਂ ਦੇ ਮਾਹਿਰ ਵਜੋਂ ਜਾਣੇ ਜਾਂਦੇ ਡਾ. ਮਨਮੋਹਨ ਸਿੰਘ ਖਿਡਾਰੀਆਂ ਨੂੰ ਸੱਚੇ ਦਿਲੋਂ ਪਿਆਰ ਕਰਦੇ ਸਨ। ਉਨ੍ਹਾਂ ਹਾਕੀ ਫਾਈਨਲ ਰਾਜਸੀ ਆਗੂਆਂ ਨਾਲ ਬੈਠਣ ਦੀ ਬਜਾਇ ਸਾਬਕਾ ਹਾਕੀ ਓਲੰਪੀਅਨਾਂ ਨਾਲ ਬੈਠ ਕੇ ਦੇਖਿਆ। 1975 ਦੇ ਹਾਕੀ ਵਿਸ਼ਵ ਕੱਪ ਦੀ ਜੇਤੂ ਭਾਰਤੀ ਟੀਮ ਦੇ ਕਪਤਾਨ ਅਜੀਤ ਪਾਲ ਸਿੰਘ, ਮੇਜਰ ਧਿਆਨ ਚੰਦ ਦੇ ਪੁੱਤਰ ਓਲੰਪੀਅਨ ਅਸ਼ੋਕ ਕੁਮਾਰ ਧਿਆਨ ਚੰਦ, ਓਲੰਪੀਅਨ ਜ਼ਫ਼ਰ ਇਕਬਾਲ, ਓਲੰਪੀਅਨ ਕਰਨਲ ਬਲਬੀਰ ਸਿੰਘ ਉਨ੍ਹਾਂ ਨਾਲ ਬੈਠੇ ਸਨ। ਉਸ ਵੇਲੇ ਦੀ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ, ਖੇਡ ਕਮੇਟੀ ਦੇ ਪ੍ਰਧਾਨ ਸੁਰੇਸ਼ ਕਲਮਾਡੀ ਤੇ ਕੇਂਦਰੀ ਖੇਡ ਮੰਤਰੀ ਡਾ. ਮਨੋਹਰ ਸਿੰਘ ਗਿੱਲ ਥੋੜ੍ਹਾ ਫਰਕ ਨਾਲ ਬੈਠੇ ਸਨ। ਮੈਚ ਤੋਂ ਬਾਅਦ ਚਾਹ ਦਾ ਕੱਪ ਪੀਣ ਵੇਲੇ ਵੀ ਪ੍ਰਧਾਨ ਮੰਤਰੀ ਦੇ ਨਾਲ ਹਾਕੀ ਓਲੰਪੀਅਨ ਸਨ।
ਰਾਸ਼ਟਰਮੰਡਲ ਖੇਡਾਂ ਦੀ ਸਮਾਪਤੀ ਤੋਂ ਬਾਅਦ ਡਾ. ਮਨਮੋਹਨ ਸਿੰਘ ਨੇ ਰੇਸ ਕੋਰਸ ਰੋਡ ਸਥਿਤ ਆਪਣੀ ਰਿਹਾਇਸ਼ ਉਪਰ ਤਗ਼ਮਾ ਜੇਤੂ ਭਾਰਤੀ ਖਿਡਾਰੀਆਂ ਦੇ ਸਨਮਾਨ ਵਿੱਚ ਚਾਹ ਪਾਰਟੀ ਵੀ ਰੱਖੀ ਹਾਲਾਂਕਿ ਕੁਝ ਖਿਡਾਰੀ ਪਹਿਲਾਂ ਹੀ ਆਪਣੇ ਘਰ ਜਾਣ ਕਾਰਨ ਨਾ ਪਹੁੰਚ ਸਕੇ ਪਰ ਹਾਕੀ ਖਿਡਾਰੀ ਤੇ ਬੈਡਮਿੰਟਨ ਖਿਡਾਰਨਾਂ ਉਥੇ ਮੌਜੂਦ ਸਨ। ਡਾ. ਮਨਮੋਹਨ ਸਿੰਘ ਨੇ ਹਾਕੀ ਟੀਮ ਨਾਲ ਆਪਣੀ ਪਤਨੀ ਦੀ ਜਾਣ-ਪਛਾਣ ਕਰਵਾਈ। ਸਾਇਨਾ ਨੇਹਵਾਲ ਨੂੰ ਮਿਲਣ ਮੌਕੇ ਗੁਰਸ਼ਰਨ ਕੌਰ ਕਾਫੀ ਉਤਸ਼ਾਹਿਤ ਸਨ। ਸ਼ਾਇਦ ਉਹ ਸਾਇਨਾ ਨੂੰ ਮਿਲਵਾ ਕੇ ਕਹਿੰਦੇ ਹੋਣ, “ਮੈਂ ਜਿੱਤੀ, ਤੁਸੀਂ ਹਾਰੇ।”
ਸੰਪਰਕ: 97800-36216

Advertisement

Advertisement