ਜਥੇਦਾਰ ਦਾਦੂਵਾਲ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 31 ਦਸੰਬਰ
ਆਗਾਮੀ 19 ਜਨਵਰੀ ਨੂੰ ਹੋਣ ਜਾ ਰਹੀਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸਬੰਧ ਵਿੱਚ ਕਾਲਾਂਵਾਲੀ ਹਲਕੇ ਤੋਂ ਉਮੀਦਵਾਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਬੱਸ ਸਟੈਂਡ ਰੋਡ ’ਤੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਸਿੱਖ ਸੰਗਤ ਨੇ ਸ਼ਮੂਲੀਅਤ ਕਰ ਕੇ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਵਿੱਚ ਵੀ ਕਮੇਟੀ ਦੇ ਪ੍ਰਧਾਨ ਰਹਿੰਦਿਆਂ ਉਨ੍ਹਾਂ ਪੰਥ ਦੀ ਸੇਵਾ ਕੀਤੀ ਹੈ ਅਤੇ ਸਿੱਖੀ ਦਾ ਪ੍ਰਚਾਰ ਕੀਤਾ ਹੈ।
ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਹਲਕੇ ਵਿੱਚ ਚਾਹੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਦਾ ਸਮਰਥਨ ਕਰਨ ਜੋ ਸਿੱਖੀ ਦਾ ਪ੍ਰਚਾਰ ਕਰੇ ਅਤੇ ਹੋਰਨਾਂ ਨੂੰ ਸਿੱਖੀ ਪ੍ਰਤੀ ਜਾਗਰੂਕ ਕਰੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੀ ਯੋਗ ਉਮੀਦਵਾਰਾਂ ਦੇ ਹੱਕ ਵਿਚ ਕੁਝ ਉਮੀਦਵਾਰਾਂ ਦੀ ਹਮਾਇਤ ਕਰਨ ਦੀ ਕੋਸ਼ਿਸ਼ ਕਰੇਗੀ। ਸੇਵਾ ਦੀ ਭਾਵਨਾ ਨਾਲ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲੇ ਵਿਅਕਤੀ ਨੂੰ ਸਰਬਸੰਮਤੀ ਨਾਲ ਚੁਣਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਹਰਿਆਣਾ ਕਮੇਟੀ ਨੂੰ ਮਾਨਤਾ ਦਿਵਾਉਣ ਲਈ ਸੁਪਰੀਮ ਕੋਰਟ ਤੱਕ ਲੜਾਈ ਲੜੀ। ਇਸ ਮੌਕੇ ਸੁਰੇਸ਼ ਸਿੰਗਲਾ, ਪ੍ਰਦੀਪ ਜੈਨ, ਨਿਰਮਲ ਸਿੰਘ ਮਲੜ੍ਹੀ, ਸੁਖਦੇਵ ਸਿੰਘ ਬੜਾਗੁੜਾ, ਪਰਮਜੀਤ ਸਿੰਘ ਮਾਖਾ, ਸਿੰਘਪੁਰਾ ਸਰਪੰਚ ਮੋਹਨਪ੍ਰੀਤ ਸਿੰਘ, ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਨਰੇਸ਼ ਸਿੰਗਲਾ, ਗੁਰਤੇਜ ਸਿੰਘ ਨੰਬਰਦਾਰ, ਸਾਹਿਲ ਗੋਇਲ, ਗਿਰਧਾਰੀ ਲਾਲ ਝੋਰੜ, ਅਸ਼ੋਕ ਕੁਮਾਰ ਬਾਜਾਖਾਨਾ, ਰਾਮ ਸਿੰਘ ਸੂਬਾਖੇੜਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।