For the best experience, open
https://m.punjabitribuneonline.com
on your mobile browser.
Advertisement

ਅਸੀਂ ਡੱਲੇਵਾਲ ਨਾਲ ਖੜ੍ਹੇ ਹਾਂ, ਮੋਰਚੇ ਵੱਖੋ-ਵੱਖ ਪਰ ਲੜਾਈ ਇਕ ਹੈ: ਸੰਯੁਕਤ ਕਿਸਾਨ ਮੋਰਚਾ

05:19 PM Jan 03, 2025 IST
ਅਸੀਂ ਡੱਲੇਵਾਲ ਨਾਲ ਖੜ੍ਹੇ ਹਾਂ  ਮੋਰਚੇ ਵੱਖੋ ਵੱਖ ਪਰ ਲੜਾਈ ਇਕ ਹੈ  ਸੰਯੁਕਤ ਕਿਸਾਨ ਮੋਰਚਾ
Advertisement
ਗਗਨਦੀਪ ਅਰੋੜਾ
Advertisement

ਲੁਧਿਆਣਾ, 3 ਜਨਵਰੀ

Advertisement

ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਆਗੂਆਂ ਨੇ ਅੱਜ ਲੁਧਿਆਣਾ ਦੇ ਈਸੜੂ ਭਵਨ ਵਿਚ ਬੈਠਕ ਕਰਕੇ ਕਈ ਅਹਿਮ ਫੈਸਲੇ ਲਏ ਹਨ। ਸੰਯੁਕਤ ਕਿਸਾਨ ਮੋਰਚਾ ਵੱਲੋਂ ਭਲਕੇ 4 ਜਨਵਰੀ ਨੂੰ ਟੋਹਾਣਾ ਤੇ 9 ਜਨਵਰੀ ਨੂੰ ਮੋਗਾ ਵਿੱਚ ਮਹਾਪੰਚਾਇਤ ਕੀਤੀ ਜਾਏਗੀ। ਬੈਠਕ ਵਿਚ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਬਲਦੇਵ ਸਿੰਘ ਨਿਹਾਲਗੜ੍ਹ, ਜੋਗਿੰਦਰ ਸਿੰਘ ਉਗਰਾਹਾਂ, ਹਰਿੰਦਰ ਸਿੰਘ ਲੱਖੋਵਾਲ ਸਣੇ ਹੋਰ ਕਈ ਕਿਸਾਨ ਆਗੂ ਮੌਜੂਦ ਸਨ। ਆਗੂਆਂ ਨੇ ਕਿਹਾ ਕਿ ਉਹ ਖਨੌਰੀ ਬਾਰਡਰ ਉੱਤੇ ਪਿਛਲੇ 39 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਪੂਰੀ ਹਮਾਇਤ ਕਰਦੇ ਹਨ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਮੋਰਚੇ ਵੱਖੋ ਵੱਖ ਹੋ ਸਕਦੇ ਹਨ, ਪਰ ਉਨ੍ਹਾਂ ਦੀ ਲੜਾਈ ਇਕ ਹੈ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਮਿਲਣ ਦਾ ਸਮਾਂ ਹੈ, ਪਰ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਡੱਲੇਵਾਲ ਨੂੰ ਨਹੀਂ।

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੋ ਵੱਲੋਂ ਦੋ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ। ਪਹਿਲੀ ਮਹਾਪੰਚਾਇਤ 4 ਜਨਵਰੀ ਨੂੰ ਹਰਿਆਣਾ ਦੇ ਟੋਹਾਣਾ ਤੇ ਦੂਜੀ 9 ਜਨਵਰੀ ਨੂੰ ਮੋਗਾ ਵਿੱਚ ਹੋਵੇਗੀ। ਇਨ੍ਹਾਂ ਮਹਾਪੰਚਾਇਤਾਂ ਵਿਚ ਅਗਲੇਰੀ ਰਣਨੀਤੀ ਬਾਰੇ ਫੈਸਲਾ ਲਿਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦਰਮਿਆਨ ਮਤਭੇਦ ਹੋ ਸਕਦੇ ਹਨ, ਪਰ ਕਿਸਾਨਾਂ ਦੇ ਮੁੱਦੇ ਇਕ ਹਨ ਤੇ ਉਨ੍ਹਾਂ ਦਾ ਵਿਰੋਧ ਵੀ ਸਾਂਝਾ ਹੀ ਹੈ।

ਐੱਸਕੇਐੱਮ ਆਗੂਆਂ ਨੇ ਕਿਹਾ ਕਿ ਉਹ ਡੱਲੇਵਾਲ ਦੇ ਨਾਲ ਹਨ ਤੇ ਜਿੱਥੇ ਲੋੜ ਹੈ ਉਥੇ ਉਨ੍ਹਾਂ ਨਾਲ ਖੜ੍ਹਨਗੇ। ਉਨ੍ਹਾਂ ਕਿਹਾ ਕਿ ਜਦੋਂ ਡੱਲੇਵਾਲ ਕਹਿ ਚੁੱਕੇ ਹਨ ਕਿ ਜੇ ਕੇਂਦਰ ਸਰਕਾਰ ਗੱਲਬਾਤ ਦਾ ਸੱਦਾ ਦਿੰਦੀ ਹੈ ਤਾਂ ਉਹ ਮੈਡੀਕਲ ਏਡ ਲੈਣ ਲਈ ਤਿਆਰ ਹਨ ਤਾਂ ਫਿਰ ਕੇਂਦਰ ਸਰਕਾਰ ਨੇ ਅਜੇ ਤੱਕ ਕਿਸਾਨ ਆਗੂ ਨਾਲ ਕੋਈ ਰਾਬਤਾ ਕਿਉਂ ਨਹੀਂ ਬਣਾਇਆ। ਇਕ ਸਵਾਲ ਦੇ ਜਵਾਬ ਵਿਚ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਹਰਿਆਣਾ ਦੇ ਟੋਹਾਣਾ ਵਿਚ 4 ਜਨਵਰੀ ਲਈ ਪਹਿਲਾਂ ਹੀ ਮਹਾਪੰਚਾਇਤ ਸੱਦ ਚੁੱਕੇ ਸਨ ਜਦੋਂਕਿ ਐੱਸਕੇੇਐੱਮ (ਗੈਰਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚੇ ਨੇ ਖਨੌਰੀ ਬਾਰਡਰ ’ਤੇ ਇਸੇ ਤਰੀਕ ਨੂੰ ਮਹਾਪੰਚਾਇਤ ਸੱਦਣ ਦਾ ਫ਼ੈਸਲਾ ਬਾਅਦ ਵਿਚ ਕੀਤਾ ਤੇ ਇਸ ਬਾਰੇ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ।

ਬੈਠਕ ਦੌਰਾਨ ਕਿਸਾਨ ਆਗੂਆਂ ਨੇ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ (ਐੱਨਪੀਐੱਫਏਐੱਮ) ਨੂੰ ਰੱਦ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਨਾਲੋਂ ਵੀ ਖ਼ਤਰਨਾਕ ਕਰਾਰ ਦਿੱਤਾ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ 3 ਸਰਕਾਰ ਨੇ ਵਿਸ਼ਵ ਬੈਂਕ ਤੇ ਆਈਐੱਫਸੀ ਅੱਗੇ ਗੋਡੇ ਟੇਕ ਦਿੱਤੇ ਹਨ। ਆਗੂਆਂ ਨੇ ਮੰਗ ਕੀਤੀ ਕਿ ਸਾਰੀਆਂ ਸਿਆਸੀ ਪਾਰਟੀਆਂ ਇਸ ਖਰੜੇ ਬਾਰੇ ਆਪਣੀ ਸਥਿਤੀ ਸਪਸ਼ਟ ਕਰਨ। ਉਨ੍ਹਾਂ ਸਾਰੀਆਂ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਵੱਲੋਂ ਲਿਆਂਦੇ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਨੂੰ ਰੱਦ ਕਰਨ। ਆਗੂਆਂ ਨੇ ਐੱਨਪੀਐੱਫਏਐੱਮ ਰੱਦ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਵਧਾਈ ਦਿੱਤੀ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਟੋਹਾਣਾ ਤੇ ਮੋਗਾ ਵਿਚ ਕ੍ਰਮਵਾਰ 4 ਤੇ 9 ਜਨਵਰੀ ਨੂੰ ਕੀਤੀਆਂ ਜਾਣ ਵਾਲੀਆਂ ਮਹਾਪੰਚਾਇਤਾਂ ਵਿਚ ਐੱਨਪੀਐੱਫਏਐੱਮ ਨੂੰ ਰੱਦ ਕਰਨ ਤੇ ਬਦਲਵੀਂ ਨੀਤੀ ਲਿਆਉਣ ਲਈ ਪਾਸ ਕੀਤੇ ਜਾਣਗੇ।

ਬੈਠਕ ਦੇ ਮੁੱਖ ਨੁਕਤੇ

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਖਰੜਾ(ਐੱਨਪੀਐੱਫਏਐੱਮ) ਰੱਦ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਨਾਲੋਂ ਵੀ ਖ਼ਤਰਨਾਕ

ਐੱਨਡੀਏ ਸਰਕਾਰ ਨੇ ਵਿਸ਼ਵ ਬੈਂਕ ਤੇ ਆਈਐੱਫਸੀ ਅੱਗੇ ਗੋਡੇ ਟੇਕੇ

ਸਾਰੀਆਂ ਸਿਆਸੀ ਪਾਰਟੀਆਂ ਐੱਨਪੀਐੱਫਏਐੱਮ ਬਾਰੇ ਸਥਿਤੀ ਸਪਸ਼ਟ ਕਰਨ

ਸਾਰੀਆਂ ਸੂਬਾ ਸਰਕਾਰਾਂ ਨੂੰ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਖਰੜਾ ਰੱਦ ਕਰਨ ਦੀ ਅਪੀਲ

ਐੱਨਪੀਐੱਫਏਐੱਮ ਰੱਦ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਤੀ ਵਧਾਈ, ਵਿਚਾਰ ਚਰਚਾ ਦੀ ਕੀਤੀ ਮੰਗ

ਟੋਹਾਣਾ ਤੇ ਮੋਗਾ ਦੀਆਂ ਮਹਾਪੰਚਾਇਤਾਂ ਵਿਚ ਐੱਨਪੀਐੱਫਏਐੱਮ ਨੂੰ ਰੱਦ ਕਰਨ ਤੇ ਬਦਲਵੀਂ ਨੀਤੀ ਲਿਆਉਣ ਲਈ ਪਾਸ ਕੀਤੇ ਜਾਣਗੇ ਮਤੇ

Advertisement
Author Image

Advertisement