ਜਥੇਦਾਰਾਂ ਦਾ ਮਾਮਲਾ ਧਾਮੀ ਲਈ ਹੋਵੇਗਾ ਵੱਡੀ ਚੁਣੌਤੀ
ਅੰਮ੍ਰਿਤਸਰ, 20 ਮਾਰਚ
ਅਸਤੀਫਾ ਨਾ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਮੁੜ ਸਾਂਭਣ ਵਾਲੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਈ 28 ਮਾਰਚ ਨੂੰ ਹੋਣ ਵਾਲਾ ਬਜਟ ਇਜਲਾਸ ਅਤੇ ਇਸ ਮੌਕੇ ਦਮਦਮੀ ਟਕਸਾਲ ਦੀ ਅਗਵਾਈ ਹੇਠ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਜਾਣ ਵਾਲਾ ਰੋਸ ਪ੍ਰਦਰਸ਼ਨ ਦਾ ਮਸਲਾ ਹੱਲ ਕਰਨਾ ਵੱਡੀ ਚੁਣੌਤੀ ਸਾਬਤ ਹੋਵੇਗੀ।
ਦਮਦਮੀ ਟਕਸਾਲ ਸਣੇ ਹੋਰ ਕਈ ਸਿੱਖ ਜਥੇਬੰਦੀਆਂ ਵੱਲੋਂ ਤਖ਼ਤ ਕੇਸਗੜ੍ਹ ਸਾਹਿਬ ਵਿਖੇ 14 ਮਾਰਚ ਨੂੰ ਕੀਤੇ ਗਏ ਇਕੱਠ ਵਿੱਚ ਤਖ਼ਤਾਂ ਦੇ ਜਥੇਦਾਰਾਂ ਦੀ ਸੇਵਾਮੁਕਤੀ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਸੀ। ਇਕੱਠ ਵਿੱਚ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਸੇਵਾਮੁਕਤ ਕੀਤੇ ਗਏ ਜਥੇਦਾਰਾਂ ਨੂੰ ਉਨ੍ਹਾਂ ਦੇ ਅਹੁਦਿਆਂ ’ਤੇ ਬਹਾਲ ਕਰੇ। ਇਸ ਮੰਗ ਨੂੰ ਲੈ ਕੇ ਟਕਸਾਲ ਵੱਲੋਂ 28 ਮਾਰਚ ਨੂੰ ਬਜਟ ਇਜਲਾਸ ਵਾਲੇ ਦਿਨ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਇਕੱਠ ਕਰਨ ਦਾ ਐਲਾਨ ਕੀਤਾ ਗਿਆ ਹੈ।
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਰੋਸ ਧਰਨੇ ਸਮੇਂ ਸੰਗਤ ਪਹਿਲਾਂ 11 ਵਜੇ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਇਕੱਠੀ ਹੋਵੇਗੀ ਮਗਰੋਂ ਕਾਫਲੇ ਦੇ ਰੂਪ ਵਿੱਚ ਸ਼ਾਂਤਮਈ ਢੰਗ ਨਾਲ ਮਾਰਚ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਦਫਤਰ ਪੁੱਜੇਗੀ। ਉਨ੍ਹਾਂ ਕਿਹਾ ਕਿ ਜਥੇਦਾਰਾਂ ਦੀ ਨਿਯੁਕਤੀ, ਸੇਵਾਮੁਕਤੀ, ਕਾਰਜ ਖੇਤਰ ਆਦਿ ਬਾਰੇ ਇੱਕ ਵਿਧੀ ਵਿਧਾਨ ਬਣਨਾ ਚਾਹੀਦਾ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਕੋਲ ਮੰਗ ਵੀ ਰੱਖੀ ਜਾਵੇਗੀ। ਉਨ੍ਹਾਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਸੰਤ ਸਮਾਜ ,ਖਾਲਸਾ ਦੀਵਾਨ, ਸਿੱਖ ਜਥੇਬੰਦੀਆਂ, ਫੈਡਰੇਸ਼ਨਾਂ ਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਇਕੱਠ ਵਿੱਚ ਸ਼ਾਮਲ ਹੋਣ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਜਥੇਦਾਰਾਂ ਨੂੰ ਸੇਵਾਮੁਕਤ ਕਰਨ ਦਾ ਇਹ ਫੈਸਲਾ ਉਸ ਵੇਲੇ ਕੀਤਾ ਗਿਆ ਸੀ ਜਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਸਤੀਫ਼ਾ ਦਿੱਤਾ ਹੋਇਆ ਸੀ। ਇਸ ਮਾਮਲੇ ਨੂੰ ਲੈ ਕੇ ਐਡਵੋਕੇਟ ਧਾਮੀ ਨੂੰ ਜਿੱਥੇ ਟਕਸਾਲ ਤੇ ਹੋਰ ਸਿੱਖ ਜਥੇਬੰਦੀਆਂ ਦਾ ਦਬਾਅ ਝੱਲਣਾ ਪਵੇਗਾ ਉਥੇ ਦੂਜੇ ਪਾਸੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਾਖ਼ ਨੂੰ ਬਚਾਉਣ ਲਈ ਵੱਡੀ ਜੱਦੋਜਹਿਦ ਕਰਨੀ ਪਵੇਗੀ। ਇਸ ਸਬੰਧੀ ਭਾਵੇਂ ਕੋਈ ਫੈਸਲਾ ਹੋਵੇ ਪਰ ਇਸ ਮਾਮਲੇ ਨੂੰ ਲੈ ਕੇ ਸਿੱਖ ਜਗਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਿਲਾਫ਼ ਰੋਸ ਹੈ।