ਛੇ ਪੰਚਾਇਤਾਂ ਵੱਲੋਂ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਮੁਜ਼ਾਹਰਾ
ਦੀਪਕ ਠਾਕੁਰਤਲਵਾੜਾ, 4 ਜਨਵਰੀ
ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕਥਿਤ ਮਾਈਨਿੰਗ ਅਤੇ ਸਟੋਨ ਕਰੱਸ਼ਰ ਤੋਂ ਪੀੜਤ ਕਰੀਬ ਅੱਧੀ ਦਰਜਨ ਪਿੰਡਾਂ ਦੇ ਵਸਨੀਕਾਂ ਨੇ ਅੱਜ ਅੱਡਾ ਝੀਰ ਦਾ ਖੂਹ ਵਿੱਚ ਰੋਸ ਮਾਰਚ ਕਰਨ ਉਪਰੰਤ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਇਸ ਤੋਂ ਪਹਿਲਾਂ ਹੰਦਵਾਲ ਮੋੜ ’ਤੇ ਇਕੱਠੇ ਹੋਏ ਲੋਕਾਂ ਨੇ ਮੁਜ਼ਾਹਰਾ ਕੀਤਾ ਅਤੇ ਸਰਕਾਰ ਤੇ ਖਣਨ ਮਾਫੀਆ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ, ਜਮਹੂਰੀ ਕਿਸਾਨ ਸਭਾ, ਤਹਿਸੀਲ ਮੁਕੇਰੀਆਂ ਪ੍ਰਧਾਨ ਤਰਲੋਕ ਸਿੰਘ, ਸਰਪੰਚ ਗੁਰਮੀਤ ਕੌਰ ਪੱਤੀ ਨਵੇਂ ਘਰ, ਸਰਪੰਚ ਜਸਮਾਨ ਸਿੰਘ ਢਾਡੇਕਟਵਾਲ, ਸਰਪੰਚ ਰੋਸ਼ਨ ਲਾਲ ਹੰਦਵਾਲ, ਸਰਪੰਚ ਸੁਖਵਿੰਦਰ ਸਿੰਘ ਕਲੇਰਾਂ, ਸ਼ਹਿਰੀ ਪ੍ਰਧਾਨ ਬੋਧਰਾਜ ਤਲਵਾੜਾ, ਸਾਬਕਾ ਡੀਐੱਸਪੀ ਮੁਲਤਾਨ ਸਿੰਘ, ਭਾਜਪਾ ਤੋਂ ਨੌਜਵਾਨ ਆਗੂ ਅੰਕਿਤ ਰਾਣਾ, ਮਨੋਜ ਕੁਮਾਰ, ਕੈਪਟਨ ਅਸ਼ੋਕ ਕੁਮਾਰ ਬਦਮਾਣੀਆਂ, ਜਥੇਦਾਰ ਕਿਰਪਾਲ ਸਿੰਘ ਗੇਰਾ ਨੇ ਖੇਤਰ ’ਚ ਕਥਿਤ ਖਣਨ ਅਤੇ ਸਟੋਨ ਕਰੱਸ਼ਰਾਂ ਨੂੰ ਉਪਰੋਂ ਥਲੀ ਦਿੱਤੀਆਂ ਜਾ ਰਹੀਆਂ ਪ੍ਰਵਾਨਗੀਆਂ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਰੜੇ ਹੱਥੀਂ ਲਿਆ। ਬੁਲਾਰਿਆਂ ਨੇ ਕਿਹਾ ਕਿ ਪੱਤੀ ਨਵੇਂ ਘਰ ਅਤੇ ਨਾਮ ਨਗਰ (ਬੇਲਾ ਸਰਿਆਣਾ) ਵਿੱਚ ਸਰਕਾਰ ਨੇ ਆਬਾਦੀ ਦੇ ਵਿੱਚੋਂ-ਵਿੱਚ ਨਵੇਂ ਕਰੱਸ਼ਰ ਲਾਉਣ ਦੀ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦੇ ਰਾਜ ’ਚ ਨਾ ਦਰਿਆ ਸੁਰੱਖਿਅਤ ਹਨ ਤੇ ਨਾ ਹੀ ਪਹਾੜ। ਬਲਾਕ ਤਲਵਾੜਾ ’ਚ ਮਨਾਹੀ ਦੇ ਬਾਵਜੂਦ ਖਣਨ ਮਾਫੀਆ ਪਹਾੜਾਂ ਦੀ ਪੁਟਾਈ ਕਰ ਰਿਹਾ ਹੈ ਉੱਥੇ ਹੀ ਸਵਾਂ ਅਤੇ ਬਿਆਸ ਦਰਿਆ ਕੰਢੇ ਇੱਕ ਦਰਜਨ ਦੇ ਕਰੀਬ ਸਟੋਨ ਕਰੱਸ਼ਰ ਚੱਲ ਰਹੇ ਹਨ, ਲਗਭਗ ਇੰਨੇ ਕੁ ਹੋਰ ਕਰੱਸ਼ਰ ਸਥਾਪਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਕੱਠ ’ਚ ਹਾਜ਼ਰ ਲੋਕਾਂ ਨੇ ਇੱਕਮਤ ਹੋ ਕੇ ਖੇਤਰ ’ਚ ਕਿਸੇ ਵੀ ਨਵੇਂ ਸਟੋਨ ਕਰੱਸ਼ਰ ਨੂੰ ਨਾ ਲੱਗਣ ਦਾ ਅਹਿਦ ਲਿਆ ਤੇ ਨਾਜਾਇਜ਼ ਖਣਨ ਦਾ ਡੱਟਵਾਂ ਵਿਰੋਧ ਕਰਨ ਦਾ ਫੈਸਲਾ ਕੀਤਾ।
ਇਸ ਮੌਕੇ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ 7 ਦਿਨਾਂ ਦਾ ਅਲਟੀਮੇਟਮ ਦਿੰਦੇ ਹੋਇਆਂ ਨਵੇਂ ਲਗਾਏ ਜਾ ਰਹੇ ਸਟੋਨ ਕਰੱਸ਼ਰਾਂ ਦੀਆਂ ਪ੍ਰਵਾਨਗੀਆਂ ਰੱਦ ਕਰਨ ਅਤੇ ਕਥਿਤ ਖਣਨ ’ਚ ਸ਼ਾਮਲ ਲੋਕਾਂ, ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਸੰਘਰਸ਼ ਕਮੇਟੀ ਨੇ ਪ੍ਰਭਾਵਿਤ ਪਿੰਡਾਂ ਦੀ ਸਾਂਝੀ ਮੀਟਿੰਗ ਬੁਲਾ ਕੇ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕਣ ਦਾ ਐਲਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਪ੍ਰੀਤਮ ਸਿੰਘ ਬੇਲਾ ਸਰਿਆਣਾ, ਪੁਸ਼ਪਾ ਹੰਦਵਾਲ, ਸ਼ੇਰ ਸਿੰਘ ਉਲਾਹਾ, ਖੜਕ ਸਿੰਘ ਸਿੱਬੋ ਚੱਕ ਤੇ ਵਿਜੈ ਕੁਮਾਰ ਰਿਆਲੀ ਨੇ ਵੀ ਸੰਬੋਧਨ ਕੀਤਾ।