ਛੜਬੜ੍ਹ ਤੋਂ ਚਮਕੌਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ
ਬਨੂੜ (ਕਰਮਜੀਤ ਸਿੰਘ ਚਿੱਲਾ): ਪਿੰਡ ਛੜਬੜ੍ਹ ਤੋਂ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਤੇ ਚਮਕੌਰ ਦੀ ਗੜ੍ਹੀ ਦੀ ਸ਼ਹਾਦਤ ਨੂੰ ਸਮਰਪਿਤ ਸਲਾਨਾ ਨਗਰ ਕੀਰਤਨ ਸਜਾਇਆ ਗਿਆ। ਭਾਈ ਜਗਜੀਤ ਸਿੰਘ ਛੜਬੜ੍ਹ ਅਤੇ ਬਾਬਾ ਬਲਕਾਰ ਸਿੰਘ ਢੇਲਪੁਰ ਦੀ ਦੇਖ-ਰੇਖ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਵਿਚ ਦਰਜਨਾਂ ਕਾਰਾਂ, ਬੱਸਾਂ, ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਉੱਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ। ਪਿੰਡ ਛੜਬੜ੍ਹ ਵਿਖੇ ਬਾਬਾ ਬਲਕਾਰ ਸਿੰਘ ਢੇਲਪੁਰ ਨੇ ਅਰਦਾਸ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ, ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਗੁਰਦੇਵ ਸਿੰਘ ਬਨੂੜ, ਡਾ. ਜਤਿੰਦਰ ਸ਼ਰਮਾ, ਸੁਰਜੀਤ ਸਿੰਘ ਹਮਾਯੂੰਪੁਰ, ਨੰਬਰਦਾਰ ਉੱਦਮ ਸਿੰਘ, ਗਿਆਨੀ ਗਰੀਬ ਸਿੰਘ, ਸੰਤ ਸਿੰਘ ਫ਼ੌਜੀ, ਸੁਖਜਿੰਦਰ ਸਿੰਘ ਸੋਨੀ, ਹਰਦੀਪ ਸਿੰਘ ਮਾਹੀ, ਕੁਲਵੰਤ ਸਿੰਘ, ਜਸਵੀਰ ਸਿੰਘ ਜੱਸੀ, ਅਮਰੀਕ ਸਿੰਘ, ਸੁਖਜੀਤ ਸਿੰਘ ਗੋਲਡੀ, ਸ਼ਮਸ਼ੇਰ ਸਿੰਘ ਅਤੇ ਹਰਬੰਸ ਸਿੰਘ ਫੌਜੀ ਹਾਜ਼ਰ ਸਨ। ਨਗਰ ਕੀਰਤਨ ਛੜਬੜ੍ਹ ਤੋਂ ਬਨੂੜ ਨੂੰ ਹੁੰਦਾ ਹੋਇਆ ਪਿੰਡ ਮੋਟੇਮਾਜਰਾ, ਦੈੜੀ, ਸਨੇਟਾ, ਢੇਲਪੁਰ, ਤਸੌਲੀ, ਬੀਰੋਮਾਜਰੀ, ਚੁੰਨੀ ਅਤੇ ਮੋਰਿੰਡਾ ਨੂੰ ਹੁੰਦਾ ਹੋਇਆ ਸ਼ਾਮ ਸਮੇਂ ਚਮਕੌਰ ਸਾਹਿਬ ਦੇ ਗੁਰਦੁਆਰਾ ਜੋਤਗੜ੍ਹ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ, ਜਿੱਥੇ ਸੰਤ ਪ੍ਰਿਤਪਾਲ ਸਿੰਘ ਝੀਲ ਸਾਹਿਬ ਵਾਲਿਆਂ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਨਗਰ ਕੀਰਤਨ ਦਾ ਪਿੰਡ ਦੈੜੀ ਵਿਖੇ ਨੰਬਰਦਾਰ ਕੁਲਦੀਪ ਸਿੰਘ ਮਾਨ, ਸਨੇਟਾ ਵਿਖੇ ਗਿਆਨੀ ਸੁਰਮੁੱਖ ਸਿੰਘ, ਹਰਦੀਪ ਸਿੰਘ ਬਠਲਾਣਾ, ਈਸ਼ਰ ਸਿੰਘ ਅਤੇ ਨਿਰਮੈਲ ਸਿੰਘ ਦੀ ਅਗਵਾਈ ਹੇਠ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਨਗਰ ਕੀਰਤਨ ਵਿੱਚ ਗਤਕਾ ਪਾਰਟੀਆਂ ਨੇ ਵੀ ਜੌਹਰ ਵਿਖਾਏ।
ਸਾਕਾ ਸਰਹਿੰਦ ਦੀ ਯਾਦ ’ਚ ਖ਼ੂਨਦਾਨ ਕੈਂਪ
ਫਤਹਿਗੜ੍ਹ ਸਾਹਿਬ: ਮੌਡਰਨ ਵੈਲੀ ਫਤਹਿਗੜ੍ਹ ਸਾਹਿਬ ਵੱਲੋਂ ਸਾਕਾ ਸਰਹਿੰਦ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ 14ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਫਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਮੁੱਖ-ਮਹਿਮਾਨ ਅਤੇ ਕੰਵਰਵੀਰ ਰਾਏ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਰਬਜੀਤ ਸਿੰਘ ਝਿੰਜਰ, ਸ਼ਰਨਜੀਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਹਰਪਾਲ ਸਿੰਘ ਅਤੇ ਐੱਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਤੇਜਵੀਰ ਸਿੰਘ ਤੇਜੀ ਅਤੇ ਹਰਪ੍ਰੀਤ ਗਿੱਲ ਨੇ ਦੱਸਿਆ ਕਿ ਮੋਡਰਨ ਵੈਲੀ ਦੇ ਪ੍ਰੀਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੂਨਦਾਨ, ਮੈਡੀਕਲ ਅਤੇ ਫਿਜ਼ੀਓਥਰੈਪੀ ਚੈਕਅੱਪ ਕੈਂਪ ਲਗਾਇਆ ਗਿਆ, ਜਿਸ ਵਿੱਚ ਪੀਜੀਆਈ ਅਤੇ ਸੈਕਟਰ 32 ਚੰਡੀਗੜ੍ਹ ਦੀਆਂ ਟੀਮਾਂ ਵੱਲੋਂ 400 ਦੇ ਕਰੀਬ ਖੂਨ ਦੇ ਯੂਨਿਟ ਇਕੱਠੇ ਕੀਤੇ ਗਏ। -ਨਿੱਜੀ ਪੱਤਰ ਪ੍ਰੇਰਕ
ਸਾਹਿਬਜ਼ਾਦਿਆਂ ਦੀ ਯਾਦ ’ਚ ਲੰਗਰ ਲਗਾਏ
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲੰਗਰ ਚਲਾਏ ਜਾ ਰਹੇ ਹਨ। ਭਾਈ ਰਘਬੀਰ ਸਿੰਘ ਨੇ ਦੱਸਿਆ ਕਿ ਪਿੰਡ ਸੰਗਾਲਾਂ ਵਿਖੇ ਸਮੂਹ ਨਗਰ ਵਾਸੀਆਂ ਵੱਲੋਂ ਰਲ ਮਿਲ ਕੇ ਚਾਹ ਬਰੈਡ ਪਕੌੜਿਆਂ ਦੇ ਲੰਗਰ ਤੋਗਾਂ ਬੂਥਗੜ੍ਹ ਮੁੱਖ ਮਾਰਗ ’ਤੇ ਲਗਾਏ ਜਾ ਰਹੇ ਹਨ। ਇਸੇ ਤਰ੍ਹਾਂ ਮੁੱਲਾਂਪੁਰ ਗਰੀਬਦਾਸ ਵਿੱਚ ਦਾਸ ਅਸੋਸੀਏਟਸ ਦੇ ਸੰਚਾਲਕ ਰਵੀ ਸ਼ਰਮਾ ਦੀ ਅਗਵਾਈ ਵਿੱਚ ਦਸੰਬਰ ਦੇ ਅਖੀਰ ਤੱਕ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਬਦਾਮਾਂ ਵਾਲੇ ਦੁੱਧ ਅਤੇ ਬਰੈਡ ਪਕੌੜਿਆਂ ਦੇ ਲੰਗਰ ਵਰਤਾਏ ਜਾ ਰਹੇ ਹਨ। ਇਸੇ ਤਰ੍ਹਾਂ ਗਰੇਟਰ ਕੰਪਨੀ ਵਿੱਚ ਸਕਿਓਰਟੀ ਸਟਾਫ ਮੈਂਬਰਾਂ ਗੁਰਪ੍ਰੀਤ ਸਿੰਘ, ਜਸਵੰਤ ਸਿੰਘ ਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਗਰੇਟਰ ਪੰਜਾਬ ਅਫ਼ਸਰ ਸੁਸਾਇਟੀ ਨਿਊ ਚੰਡੀਗੜ੍ਹ ਵੱਲੋਂ ਰਾਹਗੀਰਾਂ ਲਈ ਲੰਗਰ ਚਲਾਏ ਗਏ। ਇਸ ਮੌਕੇ ਪੀਜੀਆਈ ਚੰਡੀਗੜ੍ਹ ਵਿੱਚ ਪ੍ਰੋ. ਬਲਜਿੰਦਰ ਸਿੰਘ ਨੇ ਸੇਵਾਵਾਂ ਦਿੱਤੀਆਂ ਹਨ।