ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 14 ਕਲੱਬਾਂ ਦੇ ਲਾਇਸੈਂਸ ਰੱਦ ਕਰਨ ਦੀ ਤਿਆਰੀ
ਪੱਤਰ ਪ੍ਰੇਰਕ
ਚੰਡੀਗੜ੍ਹ, 8 ਦਸੰਬਰ
ਸਿਟੀ ਬਿਊਟੀਫੁੱਲ ਵਿੱਚ ਨਿਯਮਾਂ ਤੋਂ ਪਰ੍ਹੇ ਜਾ ਕੇ ਸ਼ੋਰ-ਸ਼ਰਾਬਾ ਕਰਨ ਵਾਲੇ 14 ਡਿਸਕੋ ਕਲੱਬਾਂ ਖ਼ਿਲਾਫ਼ ਯੂਟੀ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਉਨ੍ਹਾਂ ਦੇ ਲਾਇਸੈਂਸ ਰੱਦ ਕਰਨ ਦੀ ਤਿਆਰੀ ਕੀਤੀ ਹੈ। ਇਨ੍ਹਾਂ ਵਿੱਚੋਂ ਦੋ ਕਲੱਬ ਸੈਕਟਰ 7-ਸੀ ਜਦਕਿ ਸੱਤ ਕਲੱਬ ਸੈਕਟਰ 26 ਵਿੱਚ ਮੱਧਿਆ ਮਾਰਗ ’ਤੇ ਸਥਿਤ ਹਨ। ਪ੍ਰਸ਼ਾਸਨ ਵੱਲੋਂ ਮੀਡੀਆ ਨੂੰ ਭੇਜੀ ਗਈ ਅਧਿਕਾਰਤ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਐੱਸਐੱਸਪੀ ਚੰਡੀਗੜ੍ਹ ਵੱਲੋਂ 28 ਨਵੰਬਰ 2024 ਅਤੇ 6 ਦਸੰਬਰ 2024 ਭੇਜੇ ਗਏ ਪੱਤਰ ਰਾਹੀਂ ਉਕਤ 14 ਕਲੱਬਾਂ ਵੱਲੋਂ ਅਵਾਜ਼ ਪ੍ਰਦੂਸ਼ਣ ਕੰਟਰੋਲ ਨਿਯਮਾਂ ਦੀ ਵਾਰ-ਵਾਰ ਉਲੰਘਣਾ ਕੀਤੀ ਜਾ ਰਹੀ ਸੀ, ਜਿਸ ਕਰਕੇ ਇਨ੍ਹਾਂ ਕਲੱਬਾਂ ਦੀਆਂ ਮੌਜੂਦਾ ਥਾਵਾਂ ’ਤੇ ਦਿੱਤੀ ਗਈ ਐੱਨਓਸੀਜ਼ ਵਾਪਿਸ ਲੈ ਲਈ ਗਈ ਹੈ। ਇਸ ਦੇ ਨਾਲ ਹੀ ਕਰ ਅਤੇ ਆਬਕਾਰੀ ਵਿਭਾਗ ਨੂੰ ਅਗਲੇਰੀ ਕਾਰਵਾਈ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਜਿਸ ਦੇ ਚਲਦਿਆਂ 9 ਕਲੱਬ ਮਾਲਕਾਂ ਨੂੰ 16 ਅਤੇ 5 ਕਲੱਬ ਮਾਲਕਾਂ ਨੂੰ 17 ਦਸੰਬਰ ਨੂੰ ਸੁਣਵਾਈ ਲਈ ਸਮਾਂ ਦਿੱਤਾ ਗਿਆ ਹੈ। ਜੇਕਰ ਉਹ ਠੋਸ ਜਵਾਬ ਨਾ ਦੇ ਸਕੇ ਤਾਂ ਲਾਈਸੈਂਸ ਰੱਦ ਕੀਤੇ ਜਾ ਸਕਦੇ ਹਨ। ਦੱਸਣਯੋਗ ਹੈ ਕਿ ਉਕਤ ਵਿੱਚੋਂ ਵਧੇਰੇ ਡਿਸਕੋ ਕਲੱਬ ਸ਼ੋਅਰੂਮਾਂ ਦੇ ਪਿਛਲੇ ਪਾਸੇ ਸਥਿਤ ਹਨ ਜਿਨ੍ਹਾਂ ਵਿੱਚ ਨਿਸ਼ਚਿਤ ਸਮੇਂ ਤੋਂ ਵੱਧ ਦੇਰ ਰਾਤ ਤੱਕ ਚੱਲਣ ਵਾਲਾ ਉੱਚੀ ਮਿਊਜ਼ਿਕ ਰਿਹਾਇਸ਼ੀ ਖੇਤਰ ਦੇ ਲੋਕਾਂ ਲਈ ਭਾਰੀ ਸਿਰਦਰਦੀ ਬਣਦਾ ਹੈ ਅਤੇ ਕਈ ਵਾਰ ਲੋਕਾਂ ਵੱਲੋਂ ਪੁਲੀਸ ਨੂੰ ਸ਼ਿਕਾਇਤਾਂ ਵੀ ਭੇਜੀਆਂ ਜਾਂਦੀਆਂ ਹਨ।