ਚੰਡੀਗੜ੍ਹ ਨਿਗਮ ਨੇ ‘ਫਰੀ ਦਿ ਟ੍ਰੀਜ਼’ ਮੁਹਿੰਮ ਵਿੱਢੀ
ਮੁਕੇਸ਼ ਕੁਮਾਰ
ਚੰਡੀਗੜ੍ਹ, 8 ਜਨਵਰੀ
ਚੰਡੀਗੜ੍ਹ ਨਗਰ ਨਿਗਮ ਦੇ ਵਾਰਡ 12 ਵਿੱਚ ਏਰੀਆ ਕੌਂਸਲਰ ਸੌਰਭ ਜੋਸ਼ੀ ਨੇ ਬੁੱਧਵਾਰ ਨੂੰ ਸੈਕਟਰ 15, 16, 17 ਅਤੇ 24 ਵਿੱਚ ‘ਫਰੀ ਦਿ ਟ੍ਰੀਜ਼’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਜੋਸ਼ੀ ਨੇ ਨਿਗਮ ਦੇ ਚੀਫ ਇੰਜਨਿਅਰ ਸੰਜੇ ਅਰੋੜਾ ਨੂੰ ਦਰੱਖਤਾਂ ’ਤੇ ਇਸ਼ਤਿਹਾਰ ਚਿਪਕਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਅਪੀਲ ਵੀ ਕੀਤੀ। ਕੌਂਸਲਰ ਜੋਸ਼ੀ ਨੇ ਗੈਰ-ਅਧਿਕਾਰਤ ਇਸ਼ਤਿਹਾਰਾਂ ਨਾਲ ਸ਼ਹਿਰ ਵਿੱਚ ਦਰੱਖਤਾਂ ਨੂੰ ਪੈਦਾ ਹੋ ਰਹੇ ਖ਼ਤਰੇ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਨਾ ਸਿਰਫ ਦਰੱਖਤਾਂ ਨੂੰ ਨੁਕਸਾਨ ਪਹੁੰਚਦਾ ਹੈ ਸਗੋਂ ਸ਼ਹਿਰ ਵਿੱਚ ਹਰਿਆਲੀ ਲਈ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਦਰੱਖਤਾਂ ’ਤੇ ਟੰਗੇ ਇਸ਼ਤਿਹਾਰ ਸ਼ਹਿਰ ਦੀ ਸੁੰਦਰਤਾ ਨੂੰ ਵੀ ਦਾਗ ਲਗਾ ਰਹੇ ਹਨ। ਜੋਸ਼ੀ ਨੇ ਕਿਹਾ ਕਿ ਹਰ ਭਰੇ ਦਰਖਤ ਜਨਤਕ ਥਾਵਾਂ ਦੀ ਹਰਿਆਲੀ ਅਤੇ ਵਾਤਾਵਰਨ ਲਈ ਬਹੁਤ ਮਹੱਤਵਪੂਰਨ ਹਨ। ਇਨ੍ਹਾਂ ਦਰੱਖਤਾਂ ’ਤੇ ਟੰਗੇ ਇਸ਼ਤਿਹਾਰ ਜਿੱਥੇ ਦਰੱਖਤਾਂ ਲਈ ਖਤਰਾ ਹਨ ਉਥੇ ਸਾਡੇ ਵਾਤਾਵਰਨ ਅਤੇ ਇਲਾਕੇ ਦੀ ਸਵਤੱਛਤਾ ਮੁਹਿੰਮ ਲਈ ਵੀ ਲਈ ਸਿੱਧਾ ਖਤਰਾ ਹਨ।
ਕੌਂਸਲਰ ਸੌਰਭ ਜੋਸ਼ੀ ਦੀ ਅਗਵਾਈ ਹੇਠ ਅੱਜ ਨਗਰ ਨਿਗਮ ਦੀ ਬਾਗਬਾਨੀ ਟੀਮ ਨੇ ਉਨ੍ਹਾਂ ਦੇ ਵਾਰਡ ਨੰਬਰ 12 ਦੇ ਵੱਖ-ਵੱਖ ਸੈਕਟਰਾਂ ਜਿਵੇਂ ਕਿ ਸੈਕਟਰ 15, 16, 17 ਅਤੇ 24 ਵਿੱਚ ਦਰੱਖਤਾਂ ’ਤੇ ਟੰਗੇ ਅਤੇ ਚਿਪਕਾਏ ਗਏ ਇਸ਼ਤਿਹਾਰੀ ਬੋਰਡ ਅਤੇ ਹੋਰ ਸਮੱਗਰੀ ਹਟਾਈ। ਉਨ੍ਹਾਂ ਜਿਥੇ ਇਲਾਕਾ ਵਾਸੀਆਂ ਨੂੰ ਦਰੱਖਤਾਂ ’ਤੇ ਕਿਸੇ ਵੀ ਤਰ੍ਹਾਂ ਦੇ ਇਸ਼ਤਿਹਾਰ ਟੰਗਣ ਜਾਂ ਚਿਪਕਾਉਣ ਤੋਂ ਗੁਰੇਜ ਕਰਨ ਲਈ ਜਾਗਰੂਕ ਕੀਤਾ ਉੱਥੇ ਨਗਰ ਨਿਗਮ ਦੇ ਇੰਜੀਨੀਅਰ ਵਿੰਗ ਨੂੰ ਅਜਿਹੇ ਡਿਫਾਲਟਰਾਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ।