ਪਸ਼ੂਆਂ ਦੇ ਵਾੜੇ ’ਚੋਂ ਪੰਜ ਮੱਝਾਂ ਚੋਰੀ
ਪੀਪੀ ਵਰਮਾ
ਪੰਚਕੂਲਾ, 8 ਜਨਵਰੀ
ਪੰਚਕੂਲਾ ਦੇ ਬਲਕਾ ਬਰਵਾਲਾ ਵਿੱਚ ਚੋਰਾਂ ਨੇ ਇੱਕ ਪਸ਼ੂਆਂ ਦੇ ਵਾੜੇ ਵਿੱਚ ਸੌਂ ਰਹੇ ਮਾਲਕ ਦੇ ਕਮਰੇ ਦਾ ਕੁੰਡਾ ਲਗਾ ਕੇ ਪੰਜ ਮੱਝਾਂ ਚੋਰੀ ਕਰ ਲਈਆਂ। ਸੂਚਨਾ ਮਿਲਦਿਆਂ ਹੀ ਮੌਲੀ ਪੁਲੀਸ ਚੌਕੀ ਦੇ ਇੰਚਾਰਜ ਰਵੀ ਪ੍ਰਕਾਸ਼ ਅਤੇ ਉਨ੍ਹਾਂ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲੀਸ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਮੌਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ੁਭਮ ਵਾਸੀ ਕਕਰਾਲੀ ਨੇ ਦੱਸਿਆ ਕਿ ਉਸ ਦੀਆਂ ਪੰਜ ਮੱਝਾਂ ਪਸ਼ੂਆਂ ਦੇ ਵਾੜੇ ਵਿੱਚ ਬੰਨ੍ਹੀਆਂ ਹੋਈਆਂ ਸਨ। ਉਸ ਦਾ ਪਿਤਾ ਚੰਦਰਹਾਸ ਵੀ ਵਾੜੇ ’ਚ ਬਣੇ ਕਮਰੇ ਵਿੱਚ ਸੌਂ ਰਿਹਾ ਸੀ। ਰਾਤ ਨੂੰ ਚੋਰਾਂ ਨੇ ਉਸ ਦੇ ਕਮਰੇ ਨੂੰ ਬਾਹਰੋਂ ਕੁੰਡੀ ਲਗਾ ਕੇ ਪੰਜ ਮੱਝਾਂ ਚੋਰੀ ਕਰ ਲਈਆਂ। ਸਵੇਰੇ ਪੰਜ ਵਜੇ ਜਦੋਂ ਉਸ ਦੇ ਪਿਤਾ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ਾ ਨਹੀਂ ਖੁੱਲ੍ਹਿਆ। ਉਸ ਨੇ ਇਸ ਦੀ ਜਾਣਕਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ’ਤੇ ਦਿੱਤੀ।
ਪੰਚਕੂਲਾ ਸੀਨ ਆਫ ਕਰਾਈਮ ਟੀਮ ਨੇ ਮੌਕੇ ’ਤੇ ਪਹੁੰਚ ਕੇ ਫਿੰਗਰ ਪ੍ਰਿੰਟ ਲਏ। ਚੌਕੀ ਇੰਚਾਰਜ ਰਵੀ ਪ੍ਰਕਾਸ਼ ਨੇ ਦੱਸਿਆ ਕਿ ਸ਼ੁਭਮ ਦੀ ਸ਼ਿਕਾਇਤ ’ਤੇ ਪੁਲੀਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।